ਪੀਂ ਪੀਂ ਪਾਂ ਪਾਂ ਕਰਕੇ ਹਾਰਨ ਵੱਜ ਰਹੇ ਹਨ। ਸੜਕ ਉੱਤੇ ਜਾਮ ਲੱਗਿਆ ਹੋਇਆ ਹੈ। ਸਕੂਟਰਾਂ ਮੋਟਰਸਾਕੀਲਾਂ ਵਾਲੇ ਰਾਹਗੀਰ ਅੱਗੇ ਖੜ੍ਹੀਆਂ ਗੱਡੀਆਂ ਨੂੰ ਕੌੜੀਆਂ ਅੱਖਾਂ ਨਾਲ ਤਾੜ ਰਹੇ ਹਨ। ਮੈਂ ਵੀ ਇਸ ਜਾਮ ਦਾ ਹਿੱਸਾ ਹਾਂ। ਪਰ ਮੈਂ ਸੜਕ ਦੇ ਕਿਨਾਰੇ ਵਾਲੇ ਪਾਸੇ ਖੜ੍ਹਾ ਹਾਂ। ਜਾਮ ਖੁੱਲ੍ਹਣ ਨੂੰ ਵਕਤ ਲੱਗ ਰਿਹਾ ਹੈ ਜਿਸ ਕਰਕੇ ਮੈਂ ਮੋਟਰਸਾਈਕਲ ਬੰਦ ਕਰ ਲਿਆ ਹੈ।

ਅਚਾਨਕ ਮੇਰੀ ਪਿੱਠ ਉੱਤੇ ਇੱਕ ਜ਼ੋਰਦਾਰ ਮੁੱਕਾ ਵੱਜਦਾ ਹੈ। ਮੈਂ ਗੁੱਸੇ ਅਤੇ ਦਰਦ ਕਾਰਨ ਲਾਲ ਹੋ ਗਿਆ ਹਾਂ। ਇਕਦਮ ਪਿੱਛੇ ਪਲਟ ਕੇ ਦੇਖਦਾ ਹਾਂ, ਉਹ ਅੱਗੋਂ ਮੁਸਕਰਾਉਂਦਾ ਹੈ। ਖਿੱਲਰੇ ਵਾਲਾਂ ਵਿੱਚ ਪਿਆ ਰੇਤਾ। ਪਾਟਿਆ ਅਤੇ ਮੈਲਾ ਜਿਹਾ ਕੁੜਤਾ। ਪਜਾਮਾ ਇੱਕ ਲੱਤ ਤੋਂ ਉਧੜਿਆ ਹੋਇਆ। ਉਮਰ ਤਕਰੀਬਨ ਤੀਹ ਕੁ ਸਾਲ। ਉਸ ਵੱਲ ਵੇਖ ਕੇ ਮੇਰਾ ਗੁੱਸਾ ਸ਼ਾਂਤ ਹੋ ਜਾਂਦਾ ਹੈ। ਮੇਰਾ ਮਨ ਡਰ ਜਾਂਦਾ ਹੈ ਕਿਤੇ ਉਹ ਦੁਬਾਰਾ ਮੇਰੇ ਉੱਤੇ ਵਾਰ ਨਾ ਕਰ ਦੇਵੇ। ਮੈਂ ਜਾਮ ਵਿੱਚ ਸਭ ਤੋਂ ਪਿੱਛੇ ਖੜ੍ਹਾ ਹਾਂ ਜਿਸ ਕਰਕੇ ਉਸ ਦੀ ਇਹ ਮੁੱਕਾ ਮਾਰਨ ਵਾਲੀ ਹਰਕਤ ਕਿਸੇ ਹੋਰ ਨੇ ਨਹੀਂ ਦੇਖੀ। ‘‘ਠੀਕ ਅ… ਆਂ ਬਾਈ?’’ ਉਹ ਥੋੜ੍ਹਾ ਹਕਲਾ ਕੇ ਪੁੱਛਦਾ ਹੈ। ਮੈਂ ਸਿਰ ਹਿਲਾ ਕੇ ਹਾਂ ਵਿੱਚ ਜਵਾਬ ਦਿੰਦਾ ਹਾਂ। ‘‘ਓ ਚੱਲ ਬਾਈ ਐਧਰ ਦੀ ਕੱਢ ਲੈ…, ਤੂੰ ਚੱਲ ਯਾਰ, ਓ ਕਰੀਂ ਥੋੜ੍ਹਾ ਅੱਗੇ’’ ਆਵਾਜ਼ਾਂ ਆ ਰਹੀਆਂ ਹਨ। ਜਾਮ ਖੁੱਲ੍ਹਣਾ ਸ਼ੁਰੂ ਹੋ ਗਿਆ ਹੈ। ਮੈਂ ਮੋਟਰਸਾਈਕਲ ਸਟਾਰਟ ਕਰ ਲਿਆ ਹੈ। ਡਰਦਾ-ਡਰਦਾ ਅੱਗੇ ਤੁਰ ਪਿਆ ਹਾਂ। ਮੁੜ ਕੇ ਚੋਰ ਅੱਖਾਂ ਨਾਲ ਉਸ ਵੱਲ ਵੀ ਵੇਖਦਾ ਹਾਂ। ਉਹ ਉਸ ਥਾਂ ਹੀ ਖੜ੍ਹਾ ਹੈ। ਮੈਂ ਅੱਗੋਂ ਮੋੜ ਮੁੜ ਜਾਂਦਾ ਹਾਂ। ਉਹ ਮੇਰੀਆਂ ਨਜ਼ਰਾਂ ਵਿੱਚੋਂ ਨਿਕਲ, ਮੇਰੇ ਖ਼ਿਆਲਾਂ ਵਿੱਚ ਆ ਜਾਂਦਾ ਹੈ। ਮੈਂ ਸਾਰੇ ਰਾਹ ਸੋਚਦਾ ਜਾਂਦਾ ਹਾਂ ਕਿ ਉਸ ਨੇ ਮੇਰੇ ਕਿਉਂ ਮਾਰਿਆ? ਐਨੇ ਲੋਕ ਖੜ੍ਹੇ ਸਨ, ਉਸ ਨੇ ਮਾਰਨ ਲਈ ਸਿਰਫ਼ ਮੈਨੂੰ ਹੀ ਕਿਉਂ ਚੁਣਿਆ? ਅਗਲੇ ਹੀ ਪਲ ਮੈਨੂੰ ਅੰਦਰੋਂ ਹੀ ਜੁਆਬ ਮਿਲਦਾ ਹੈ, ਜ਼ਰੂਰ ਉਸ ਨੇ ਕਿਸੇ ਦਾ ਗੁੱਸਾ ਕੱਢਿਆ ਹੈ ਮੇਰੇ ’ਤੇ। ਉਸ ਨੇ ਗੁੱਸਾ ਕੱਢਣ ਲਈ ਐਨੇ ਲੋਕਾਂ ਵਿੱਚੋਂ ਸਿਰਫ਼ ਮੇਰੀ ਹੀ ਚੋਣ ਕੀਤੀ! ਮੈਨੂੰ ਆਪਣੇ ਆਪ ’ਤੇ ਮਾਣ ਮਹਿਸੂਸ ਹੁੰਦਾ ਹੈ।

ਕੰਮ ’ਤੇ ਪਹੁੰਚ ਜਾਂਦਾ ਹਾਂ। ਕੰਮ ਐਨਾ ਜ਼ਿਆਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਕਦੋਂ ਘਰ ਮੁੜਨ ਦਾ ਸਮਾਂ ਹੋ ਜਾਂਦਾ ਹੈ। ਕਈ ਵਾਰ ਮੈਂ ਸੋਚਦਾ ਹਾਂ ਏਨੇ ਸੜਕ ਹਾਦਸੇ ਕਿਉਂ ਹੁੰਦੇ ਨੇ। ਲੋਕਾਂ ਵਿੱਚ ਇੱਕ ਦੂਜੇ ਤੋਂ ਅੱਗੇ ਜਾਣ ਦੀ ਕਾਹਲ ਹੀ ਏਨੀ ਹੈ ਜਾਂ ਇਹ ਅਣਗਹਿਲੀ ਕਾਰਨ ਹੁੰਦੇ ਹਨ, ਇਨ੍ਹਾਂ ਦੋਹਾਂ ਪੱਖਾਂ ਨੂੰ ਮੈਂ ਬਰਾਬਰ ਹੀ ਜ਼ਿੰਮੇਵਾਰ ਸਮਝਦਾ ਹਾਂ। ਮੈਂ ਕੰਪਨੀ ਵਿੱਚ ਉਨ੍ਹਾਂ ਵਾਹਨਾਂ ਨੂੰ ਠੀਕ ਕਰਵਾਉਣ ਦਾ ਕੰਮ ਕਰਦਾ ਹਾਂ ਜਿਨ੍ਹਾਂ ਦਾ ਬੀਮਾ ਹੋਇਆ ਹੁੰਦਾ ਹੈ। ਸਾਰਾ ਦਿਨ ਕੰਪਨੀ ਦੇ ਮੁਲਾਜ਼ਮਾਂ ਅਤੇ ਵਾਹਨ ਮਾਲਕਾਂ ਨਾਲ ਗੱਲ ਕਰਦਿਆਂ ਨਿਕਲ ਜਾਂਦਾ ਹੈ। ਏਨਾ ਰੁੱਝਿਆ ਰਹਿਣ ਦੇ ਬਾਵਜੂਦ ਮੈਨੂੰ ਉਸ ਦਾ ਹੱਸਦਾ ਚਿਹਰਾ ਕਈ ਵਾਰ ਚੇਤੇ ਆਇਆ।

ਘਰ ਮੁੜ ਰਿਹਾ ਹਾਂ ਤਾਂ ਵੀ ਉਹ ਹੀ ਦਿਮਾਗ਼ ਵਿੱਚ ਘੁੰਮ ਰਿਹਾ ਹੈ। ਮੈਂ ਜਾਮ ਵਾਲੀ ਥਾਂ ਪਹੁੰਚ ਗਿਆ ਹਾਂ। ਉਹ ਮੈਨੂੰ ਉਸੇ ਹੀ ਥਾਂ ਖੜ੍ਹਾ ਨਜ਼ਰ ਆਉਂਦਾ ਹੈ। ਮੈਨੂੰ ਆਉਂਦੇ ਨੂੰ ਦੇਖ ਕੇ ਹੱਥ ਹਿਲਾਉਂਦਾ ਹੈ। ਉਸ ਦੇ ਚਿਹਰੇ ’ਤੇ ਖ਼ੁਸ਼ੀ ਹੈ। ਮੈਂ ਉਸ ਦੇ ਨੇੜੇ ਜਾਣ ਤੋਂ ਡਰਦਾ ਹਾਂ। ਡਰ ਹੈ ਮਤੇ ਸਵੇਰੇ ਵਾਂਗ ‘ਵਾਰ’ ਹੀ ਨਾ ਕਰ ਦੇਵੇ। ਮੈਨੂੰ ਲੱਗਦਾ ਹੈ ਉਸ ਨੂੰ ਵੀ ਇਹ ਮਹਿਸੂਸ ਹੋ ਗਿਆ ਹੈ ਕਿ ਮੈਂ ਉਸ ਦੇ ਨੇੜੇ ਨਹੀਂ ਆਵਾਂਗਾ। ਉਹ ਮੈਨੂੰ ਕੋਲ ਦੀ ਲੰਘਦਾ ਦੇਖ ਆਪ ਵੀ ਤੁਰਨਾ ਸ਼ੁਰੂ ਕਰ ਦਿੰਦਾ ਹੈ। ਮੈਂ ਮੁੜ ਕੇ ਦੇਖਦਾ ਹਾਂ, ਉਹ ਆਪਣੇ ਰਾਹ ਪੈ ਗਿਆ ਹੈ।

ਘਰ ਆ ਗਿਆ ਹਾਂ, ਪਰ ਖ਼ਿਆਲਾਂ ਵਿੱਚ ਉਹ ਹੀ ਘੁੰਮ ਰਿਹਾ ਹੈ। ਘਰ ਕਿਸੇ ਨਾਲ ਗੱਲ ਨਹੀਂ ਕਰਦਾ। ਸੋਚਦਾ ਹਾਂ ਇਹ ਦੱਸਣ ਵਾਲੀ ਕਿਹੜੀ ਗੱਲ ਹੈ। ਸਾਰੇ ਹੱਸਣਗੇ। ਕੀ ਕਹਾਂਗਾ? ਮੇਰੇ ਅੱਜ ਕਿਸੇ ਅਜੀਬ ਸ਼ਖ਼ਸ ਨੇ ਮੁੱਕਾ ਮਾਰਿਆ। ਨਹੀਂ-ਨਹੀਂ ਇਹ ਕੋਈ ਦੱਸਣ ਵਾਲੀ ਗੱਲ ਨਹੀਂ। ਗੱਲ ਅੰਦਰ ਹੀ ਦੱਬ ਲੈਂਦਾ ਹਾਂ।

ਅਗਲੀ ਸਵੇਰ ਕੰਮ ’ਤੇ ਜਾਣ ਲਈ ਘਰੋਂ ਤੁਰ ਰਿਹਾ ਹਾਂ। ਸੋਚਾਂ ਵਿੱਚ ਉਹੀ ਸੂਰਤ ਹੈ। ਉਸ ਦਾ ਹੱਸਦਾ ਹੋਇਆ, ਕਦੇ ਡਰਿਆ ਜਿਹਾ ਚਿਹਰਾ ਵਾਰ-ਵਾਰ ਅੱਖਾਂ ਅੱਗੇ ਆ ਜਾਂਦਾ ਹੈ। ਮੋਟਰਸਾਈਕਲ ਆਪਣੀ ਰਫ਼ਤਾਰ ਨਾਲ ਦੌੜ ਰਿਹਾ ਹੈ, ਪਰ ਮੇਰੇ ਖ਼ਿਆਲ ਉਸ ਰਫ਼ਤਾਰ ਨਾਲੋਂ ਤੇਜ਼ ਦੌੜ ਰਹੇ ਹਨ। ਜਾਮ ਵਾਲੀ ਥਾਂ ਦੇ ਨੇੜੇ ਪਹੁੰਚ ਜਾਂਦਾ ਹਾਂ। ਉਹ ਉਸ ਥਾਂ ਖੜ੍ਹਾ ਮੇਰੇ ਰਾਹ ਵੱਲ ਦੇਖ ਰਿਹਾ ਹੈ। ਜਦੋਂ ਮੈਂ ਉਸ ਨੂੰ ਨਜ਼ਰੀਂ ਪੈ ਜਾਂਦਾ ਹਾਂ, ਉਹ ਖ਼ੁਸ਼ ਹੋ ਜਾਂਦਾ ਹੈ। ਮੈਨੂੰ ਆਉਂਦਾ ਦੇਖ ਉਹ ਹੱਥ ਹਿਲਾਉਂਦਾ ਹੈ। ਕੋਲ ਖੜ੍ਹੇ ਲੋਕ ਸਾਡੇ ਦੋਵਾਂ ਵੱਲ ਹੈਰਾਨੀ ਨਾਲ ਦੇਖਦੇ ਹਨ। ਮੈਂ ਲੇਟ ਹਾਂ, ਇਸ ਲਈ ਉਸ ਕੋਲ ਬਿਨਾਂ ਰੁਕੇ ਲੰਘ ਜਾਂਦਾ ਹਾਂ। ਪਿੱਛੇ ਮੁੜ ਵੇਖਦਾ ਹਾਂ ਉਹ ਵੀ ਆਪਣੇ ਰਾਹ ਪੈ ਜਾਂਦਾ ਹੈ।

ਕੰਮ ’ਤੇ ਪਹੁੰਚ ਕੇ ਕੰਮ ਵਿੱਚ ਰੁੱਝ ਜਾਂਦਾ ਹਾਂ। ਜਦੋਂ ਵੀ ਦਿਮਾਗ਼ ਨੂੰ ਵਿਹਲ ਮਿਲਦੀ ਹੈ ਉਸ ਬਾਰੇ ਹੀ ਸੋਚਦਾ ਹਾਂ, ਕਿਉਂ ਉਸ ਨਾਲ ਕੋਈ ਗੱਲ ਨਹੀਂ ਕਰਦਾ, ਉਸ ਦੇ ਦਿਲ ਵਿੱਚ ਵੀ ਅਨੇਕਾਂ ਸੁਆਲ ਹੁੰਦੇ ਹੋਣਗੇ ਜੋ ਉਹ ਹੋਰਾਂ ਤੋਂ ਪੁੱਛਣਾ ਚਾਹੁੰਦਾ ਹੋਵੇਗਾ, ਉਸ ਕੋਲ ਬਹੁਤ ਕੁਝ ਅਜਿਹਾ ਵੀ ਹੋਵੇਗਾ ਜੋ ਉਹ ਸਭ ਨੂੰ ਦੱਸਣਾ ਚਾਹੁੰਦਾ ਹੋਵੇਗਾ। ਪਰ ਸਭ ਉਸ ਤੋਂ ਦੂਰ ਨੱਸਦੇ ਹਨ। ਅਜਿਹਾ ਕਿਉਂ? ਉਸ ਦਾ ਕਸੂਰ ਕੀ ਹੈ? ਬਹੁਤ ਕੁਝ ਸੋਚਣ ਤੋਂ ਬਾਅਦ ਵੀ ਮੈਨੂੰ ਸਮਝ ਨਹੀਂ ਆਉਂਦਾ।

ਘਰ ਮੁੜਨ ਦਾ ਸਮਾਂ ਹੋ ਗਿਆ ਹੈ। ਸੋਚ ਰਿਹਾ ਹਾਂ ਕਿ ਅੱਜ ਉਹ ਮਿਲੇਗਾ ਤਾਂ ਮੈਂ ਜ਼ਰੂਰ ਉਸ ਕੋਲ ਖੜ੍ਹ ਕੇ ਗੱਲਾਂ ਕਰਾਂਗਾ। ਉਸ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਦਿਲ ਹੀ ਦਿਲ ਵਿੱਚ ਅੰਦਾਜ਼ਾ ਲਾਉਂਦਾ ਹਾਂ। ਫਿਰ ਸੋਚਦਾ ਹਾਂ, ਜੇ ਮੈਂ ਉਸ ਨਾਲ ਗੱੱਲਬਾਤ ਕੀਤੀ, ਲੋਕ ਮੇਰੇ ਬਾਰੇ ਕੀ ਕਹਿਣਗੇ। ਅਗਲੇ ਹੀ ਪਲ ਲੋਕਾਂ ਦੀ ਪਰਵਾਹ ਨਾ ਕਰਨ ਦੀ ਆਵਾਜ਼ ਅੰਦਰੋਂ ਆਉਂਦੀ ਹੈ। ਮੈਂ ਘਰ ਮੁੜ ਰਿਹਾ ਹਾਂ। ਜਾਮ ਵਾਲੀ ਥਾਂ ਪਹੁੰਚਣ ਦੀ ਕਾਹਲ ਹੈ। ਮੋੜ ਮੁੜਦਾ ਹਾਂ ਉਹ ਮੈਨੂੰ ਦੂਰੋਂ ਧੁੰਦਲਾ-ਧੁੰਦਲਾ ਦਿਖਾਈ ਦਿੰਦਾ ਹੈ। ਦਿਲ ਖ਼ੁਸ਼ ਹੋ ਜਾਂਦਾ ਹੈ। ਨੇੜੇ ਜਾਂਦਾ ਹਾਂ, ਉਹ ਹੱਥ ਹਿਲਾਉਂਦਾ ਹੈ। ਸ਼ਾਇਦ ਉਸ ਨੂੰ ਇਹ ਉਮੀਦ ਨਹੀਂ ਕਿ ਮੈਂ ਉਸ ਕੋਲ ਖੜ੍ਹਾਂਗਾ। ਮੋਟਰਸਾਈਕਲ ਰੁਕਦਾ ਹੈ। ਉਹ ਮੇਰੇ ਵੱਲ ਦੌੜਦਾ ਹੈ। ਲੋਕ ਅਜੀਬ ਤਰ੍ਹਾਂ ਦੇਖ ਰਹੇ ਹਨ। ‘‘ਬਾ…ਬਾ…ਬਾਈ ਠੀਕ ਐਂ?’’ ਉਸ ਦੇ ਸੁਆਲ ਦਾ ਮੈਂ ਸਿਰ ਹਿਲਾ ਕੇ ਹਾਂ ਵਿੱਚ ਜੁਆਬ ਦਿੰਦਾ ਹਾਂ। ਉਹ ਖ਼ੁਸ਼ ਹੋ ਜਾਂਦਾ ਹੈ। ਮੈਂ ਉਸ ਨੂੰ ਆਪਣੇ ਵੱਲੋਂ ਰੱਖੇ ਨਾਂ ‘ਮਾੜਾ’ ਨਾਲ ਸੰਬੋਧਨ ਹੁੰਦਾ ਹਾਂ।

‘‘ਮਾੜੇ ਕਿੱਥੇ ਗਿਆ ਸੀ?’’

‘‘ਗੁ…ਗੁ…ਗੁਰਦਵਾਰੇ ਬਾਈ, ਮੱਥਾ ਟੇਕਣ ਗਿਆ ਸੀ।’’

ਉਸ ਦਾ ਜਵਾਬ ਸੁਣ ਕੇ ਮੈਂ ਹੈਰਾਨ ਹੁੰਦਾ ਹਾਂ। ਇਸ ਨੂੰ ਗੁਰੂਘਰ ਦੀ ਸਮਝ ਹੈ! ਇਸ ਦਾ ਰੱਬ ਵਿੱਚ ਵਿਸ਼ਵਾਸ ਹੈ! ਸੋਚਦਾ ਹਾਂ ਫਿਰ ਭਲਾ ਲੋਕ ਇਸ ਨੂੰ ਪਾਗਲ ਕਿਉਂ ਸਮਝਦੇ ਹਨ? ਮੈਨੂੰ ਤਾਂ ਇਸ ਵਿੱਚ ਅਜਿਹਾ ਕੁਝ ਗ਼ਲਤ ਨਜ਼ਰ ਨਹੀਂ ਆਉਂਦਾ ਜਿਸ ਦੀ ਸਜ਼ਾ ਵਜੋਂ ਇਸ ਨਾਲੋਂ ਸਮਾਜਿਕ ਰਿਸ਼ਤਾ ਤੋੜ ਲੈਣਾ ਹੋਵੇ। ਹਾਂ, ਜੇ ਥੋੜ੍ਹਾ ਬਹੁਤ ਆਮ ਨਾਲੋਂ ਦਿਮਾਗ਼ੋਂ ਕਮਜ਼ੋਰ ਵੀ ਹੈ, ਉਸ ਵਿੱਚ ਇਸ ਦਾ ਕੀ ਕਸੂਰ ਹੈ? ਉਸ ਵੱਲ ਵੇਖਦਾ-ਵੇਖਦਾ ਮੈਂ ਅਨੇਕਾਂ ਹੀ ਸੁਆਲ ਜੁਆਬ ਖ਼ੁਦ ਨਾਲ ਕਰਦਾ ਹਾਂ। ਇੱਕ ਗੱਲ ਮੈਨੂੰ ਹੋਰ ਹੈਰਾਨ ਕਰਦੀ ਹੈ ਕਿ ਉਹ ਮੇਰਾ ਰੱਖਿਆ ਨਾਂ ‘ਮਾੜਾ’ ਬੜੇ ਸਹਿਜੇ ਹੀ ਸਵੀਕਾਰ ਲੈਂਦਾ ਹੈ। ਖੌਰੇ ਉਸ ਨੂੰ ਮੇਰੇ ਰੱਖੇ ਇਸ ਨਾਂ ਪਿੱਛੇ ਲੁਕਿਆ ਪਿਆਰ ਨਜ਼ਰੀਂ ਪੈ ਗਿਆ ਹੋਵੇ। ਮੇਰਾ ਦਿਲ ਉਦਾਸ ਹੁੰਦਾ ਹੈ। ਕਾਸ਼! ਮੈਂ ਇਸ ਨੂੰ ਇਸ ਦੇ ਅਸਲ ਨਾਂ ਤੋਂ ਹੀ ਬੁਲਾਉਂਦਾ। ਦਿਲ ਕਰਦਾ ਹੈ ਇਸ ਨੂੰ ਇਸ ਦਾ ਨਾਂ ਪੁੱਛਾਂ। ਕੋਸ਼ਿਸ਼ ਕਰਦਾ ਹਾਂ, ਪਰ ਉਹ ਅੱਗੋਂ ਹੋਰ ਹੀ ਸੁਆਲ ਕਰ ਦਿੰਦਾ ਹੈ। ਮੈਂ ਦੁਬਿਧਾ ਵਿੱਚ ਹਾਂ ਇਸ ਨੂੰ ਮੇਰਾ ਸੁਆਲ ਸਮਝ ਨਹੀਂ ਆ ਰਿਹਾ ਜਾਂ ਇਹ ਮੈਨੂੰ ਆਪਣਾ ਨਾਂ ਦੱਸਣਾ ਹੀ ਨਹੀਂ ਚਾਹੁੰਦਾ ਜਾਂ ਇਸ ਨੂੰ ਅਸਲ ਨਾਂ ਪਤਾ ਹੀ ਨਹੀਂ।

ਮੈਂ ਉਸ ਨੂੰ ਨਾਲ ਜਾਣ ਲਈ ਪੁੱਛਦਾ ਹਾਂ। ਉਹ ਉਂਜ ਤਾਂ ਡਰਦਾ ਹੈ, ਪਰ ਮੋਟਰਸਾਈਕਲ ਪਿੱਛੇ ਬੈਠਣ ਦੀ ਖ਼ੁਸ਼ੀ ਐਨੀ ਹੈ ਕਿ ਇਕਦਮ ਮੇਰੇ ਮਗਰ ਬੈਠ ਜਾਂਦਾ ਹੈ। ਕੋਲ ਖੜ੍ਹੇ ਲੋਕ ਉਸ ਨਾਲੋਂ ਜ਼ਿਆਦਾ ਹੈਰਾਨੀ ਨਾਲ ਮੈਨੂੰ ਦੇਖ ਰਹੇ ਹਨ। ‘ਮਾੜਾ’ ਬਹੁਤ ਖ਼ੁਸ਼ ਹੈ। ਮੈਨੂੰ ਇੱਕ ਪਲ ਵੀ ਲੋਕਾਂ ਦੀ ਪਰਵਾਹ ਨਹੀਂ ਸਗੋਂ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਮਾੜਾ ਮੇਰੇ ਲਈ ਪਾਗਲ ਨਹੀਂ, ਇਨਸਾਨ ਹੈ। ਮੈਂ ਹੌਲੀ-ਹੌਲੀ ਚੱਲ ਰਹੇ ਮੋਟਰਸਾਈਕਲ ਉੱਤੇ ਬੈਠਾ ਬੜੀਆਂ ਹੀ ਤੇਜ਼ ਸੋਚਾਂ ਨਾਲ ਇਸ ਗੱਲ ਦਾ ਫ਼ੈਸਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਮਾੜਾ ਪਾਗ਼ਲ ਹੈ ਜਾਂ ਲੋਕ!– ਜੀਤ ਹਰਜੀਤ