ਮੁੰਬਈ:ਬੌਲੀਵੁੱਡ ਸਟਾਰ ਮਾਧੁਰੀ ਦੀਕਸ਼ਿਤ ਨੇ ਅੱਜ ਇੱਥੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਤੇ ਫਿਕਰਮੰਦੀ ਜ਼ਾਹਿਰ ਕੀਤੀ। ਅਦਾਕਾਰਾ ਨੇ ਟਵੀਟ ਕਰਦਿਆਂ ਦੇਸ਼ ਵਿੱਚ ਇਸ ਔਖੀ ਘੜੀ ਦੌਰਾਨ ਮਹਾਮਾਰੀ ਨਾਲ ਮੂਹਰਲੀ ਕਤਾਰ ’ਚ ਲੜ ਰਹੇ ਯੋਧਿਆਂ ਨੂੰ ਸਲਾਮ ਕੀਤਾ। ਮਾਧੁਰੀ ਨੇ ਟਵੀਟ ਕਰਦਿਆਂ ਕਿਹਾ, ‘‘ਮਹਾਮਾਰੀ ਨੂੰ ਸਾਡੇ ਜੀਵਨ ’ਤੇ ਮੁੜ ਭਾਰੂ ਹੁੰਦਿਆਂ ਦੇਖਣਾ ਦੁਖਦਾਈ ਹੈ। ਅਸੀਂ ਸਭ ਇੱਕ-ਦੂਜੇ ਦੇ ਸਹਿਯੋਗ ਨਾਲ ਹੀ ਇਸ ਤੋਂ ਉੱਭਰ ਸਕਦੇ ਹਾਂ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਹਦਾਇਤਾਂ ਦੀ ਪਾਲਣਾ ਕਰੋ ਅਤੇ ਆਪਣੇ ਪਿਆਰਿਆਂ ਦਾ ਧਿਆਨ ਰੱਖੋ। ਸਾਡੇ ਲਈ ਨਿਰਸਵਾਰਥ ਸੇਵਾਵਾਂ ਬਦਲੇ ਮੂਹਰਲੀ ਕਤਾਰ ’ਤੇ ਡਟੇ ਯੋਧਿਆਂ ਨੂੰ ਮੇਰਾ ਸਲਾਮ।’’ ਅਦਾਕਾਰਾ ਨੇ ਉਸ ਸਮੇਂ ਟਵੀਟ ਕੀਤਾ, ਜਦੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸੂਬੇ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ 30 ਅਪਰੈਲ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ।