ਮੁੰਬਈ:ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅਦਾਕਾਰਾ ਕੰਗਣਾ ਰਣੌਤ 4 ਜੁਲਾਈ ਨੂੰ ਇੱਥੇ ਇੱਕ ਮੈਟਰੋਪੌਲਿਟਨ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਵੇਗੀ। ਸੋਮਵਾਰ ਨੂੰ ਇੱਥੇ ਅੰਧੇਰੀ ਮੈਟਰੋਪੌਲਿਟਨ ਅਦਾਲਤ ਵਿੱਚ ਮਾਮਲੇ ’ਤੇ ਸੁਣਵਾਈ ਦੌਰਾਨ ਕੰਗਣਾ ਦੇ ਵਕੀਲ ਨੇ ਅਦਾਕਾਰਾ ਦੇ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਮੰਗੀ ਸੀ। ਅਦਾਲਤ ਨੇ ਕੰਗਣਾ ਦੀ ਕਾਨੂੰਨੀ ਟੀਮ ਨੂੰ ਕੇਸ ਸਬੰਧੀ ਲਿਖਤੀ ਦਸਤਾਵੇਜ਼ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਮੁਲਜ਼ਮਾ ਸੁਣਵਾਈ ਦੀ ਅਗਲੀ ਤਰੀਕ (4 ਜੁਲਾਈ) ਨੂੰ ਹਾਜ਼ਰ ਰਹੇਗੀ। ਕੰਗਣਾ ਦੇ ਵਕੀਲ ਵੱਲੋਂ ਦਸਤਾਵੇਜ਼ ਦਾਖਲ ਕੀਤੇ ਜਾਣ ਮਗਰੋਂ ਅਦਾਲਤ ਨੇ ਉਸ ਦਿਨ ਅਦਾਕਾਰਾ ਨੂੰ ਪੇਸ਼ੀ ਤੋਂ ਛੋਟ ਦੇ ਦਿੱਤੀ। ਅਦਾਲਤ ਨੇ ਕੰਗਣਾ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਮੰਗ ਕਰਦੀ ਇੱਕ ਅਪੀਲ ’ਤੇ ਸੁਣਵਾਈ ਵੀ ਅਗਲੀ ਤਰੀਕ ਤੱਕ ਰਾਖਵੀਂ ਰੱਖ ਲਈ ਹੈ। ਦੱਸਣਯੋਗ ਹੈ ਕਿ ਜਾਵੇਦ ਅਖ਼ਤਰ (76) ਨੇ ਨਵੰਬਰ 2020 ਵਿੱਚ ਕੰਗਣਾ ਖ਼ਿਲਾਫ਼ ਦਾਇਰ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਅਦਾਕਾਰਾ ਨੇ ਟੈਲੀਵਜ਼ਨ ’ਤੇ ਇੱਕ ਇੰਟਰਵਿਊ ਦੌਰਾਨ ਉਸ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਿਸ ਨਾਲ ਕਥਿਤ ਤੌਰ ’ਤੇ ਉਸ ਦੇ ਅਕਸ ਨੂੰ ਢਾਹ ਲੱਗੀ ਹੈ।