ਨਵੀਂ ਦਿੱਲੀ, 4 ਅਗਸਤ

ਅਦਾਕਾਰ ਜਿੰਮੀ ਸ਼ੇਰਗਿੱਲ ਨੇ ਬੌਲੀਵੁੱਡ ਵਿਚ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਫਿਲਮਸ਼ਾਜ ਗੁਲਜ਼ਾਰ ਦੀ ਫਿਲਮ ‘ਮਾਚਿਸ’ ਨਾਲ ਸਾਲ 1996 ਵਿਚ ਕੀਤੀ ਸੀ। ਇਸ ਤੋਂ ਬਾਅਦ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕਈ ਸਫਲ ਫਿਲਮਾਂ ਕੀਤੀਆਂ। ਜਿੰਮੀ ਨੇ ਕਿਹਾ ਕਿ ਉਸ ਦਾ ਸੁਫ਼ਨਾ ਸੀ ਕਿ ਗੁਲਜ਼ਾਰ ਸਾਹਿਬ ਕੋਈ ਅਜਿਹੀ ਫਿਲਮ ਬਣਾਉਣ ਜਿਸ ਵਿਚ ਉਸ ਨੂੰ ਕੰਮ ਕਰਨ ਦਾ ਮੌਕਾ ਮਿਲੇ ਤੇ ਉਸ ਦਾ ਸੁਫ਼ਨਾ ਫਿਲਮ ‘ਮਾਚਿਸ’ ਵਿਚ ਕੰਮ ਕਰਨ ਨਾਲ ਪੂਰਾ ਹੋਇਆ। ਇਸ ਫਿਲਮ ਦੌਰਾਨ ਉਸ ਨੇ ਗੁਲਜ਼ਾਰ ਤੋਂ ਬਹੁਤ ਕੁਝ ਸਿੱਖਿਆ ਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਇਆ। ਇਸ ਤੋਂ ਬਾਅਦ ਜਿੰਮੀ ਨੇ ਬੌਲੀਵੁੱਡ ਵਿਚ ਆਪਣੇ ਪੈਰ ਜਮਾਏ। ਪੰਜਾਹ ਸਾਲਾ ਜਿੰਮੀ ਨੇ ‘ਏ ਵੈਡਨਸਡੇਅ’ ਤੇ ‘ਸਪੈਸ਼ਲ 26’ ਵਿੱਚ ਬਿਹਤਰੀਨ ਕਿਰਦਾਰ ਨਿਭਾਏ। ਉਹ ਹੁਣ ਤਕ 75 ਹਿੰਦੀ ਫਿਲਮਾਂ ਤੇ ਤਿੰਨ ਵੈੱਬ ਸੀਰੀਜ਼ ਵਿਚ ਕੰਮ ਕਰ ਚੁੱਕਾ ਹੈ। ਉਹ ਆਖਰੀ ਵਾਰ ਵੈਬ ਸੀਰੀਜ਼ ‘ਕਾਲਰ ਬੰਬ’ ਵਿੱਚ ਨਜ਼ਰ ਆਇਆ ਸੀ। ਜਿੰਮੀ ਨੇ ਦੱਸਿਆ ਕਿ ਗੁਲਜ਼ਾਰ ਤੋਂ ਸਿੱਖਿਆ ਕੰਮ ਸਾਰੀ ਜ਼ਿੰਦਗੀ ਉਸ ਦੇ ਕੰਮ ਆਵੇਗਾ।