ਸੁਖਵਿੰਦਰ ਕੌਰ ਸਿੱਧੂ

ਕਮਲ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ। ਮੰਮੀ-ਪਾਪਾ ਦੀ ਲਾਡਲੀ ਧੀ, ਦਾਦੀ ਮਾਂ ਨੂੰ ਅਤਿਅੰਤ ਪਿਆਰੀ ਸੀ। ਪੜ੍ਹਨ ਵਿਚ ਹੁਸ਼ਿਆਰ ਹੋਣ ਕਰਕੇ ਹਮੇਸ਼ਾਂ ਅਵੱਲ ਆਉਂਦੀ, ਹੋਰ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀ। ਸਕੂਲ ਦਾ ਕੰਮ ਕਰਨ ਵੇਲੇ ਮੰਮੀ ਉਸ ਦੀ ਮਦਦ ਕਰਦੇ, ਪਾਪਾ ਤੋਂ ਉਹ ਆਲੇ-ਦੁਆਲੇ ਬਾਰੇ ਜਾਣਕਾਰੀ ਹਾਸਲ ਕਰਦੀ। ਸਕੂਲ ਦਾ ਸਾਰਾ ਕੰਮ ਨਿਬੇੜ ਕੇ, ਖੇਡ-ਕੁੱਦ ਕੇ, ਖਾਣਾ ਖਾਣ ਤੋਂ ਬਾਅਦ ਦਾਦੀ ਮਾਂ ਕੋਲ ਜ਼ਰੂਰ ਜਾਂਦੀ। ਦਾਦੀ ਮਾਂ ਉਸ ਨੂੰ ਕਹਾਣੀਆਂ ਬਾਤਾਂ ਦੇ ਨਾਲ-ਨਾਲ ਵਿਸਰ ਰਹੇ ਵਿਰਸੇ ਦੀਆਂ ਚੀਜ਼ਾਂ ਬਾਰੇ ਵੀ ਦੱਸਦੇ ਰਹਿੰਦੇ। ਕਮਲ ਬੜੇ ਹੀ ਧਿਆਨ ਨਾਲ ਇਹ ਗੱਲਾਂ ਸੁਣਦੀ। ਮੰਮੀ ਕੰਮ ਕਰਦੇ ਰਹਿੰਦੇ ਤੇ ਦਾਦੀ ਮਾਂ ਉਸ ਦੇ ਛੋਟੇ ਵੀਰ ਨੂੰ ਗੋਦੀ ਵਿਚ ਲੈ ਕੇ ਲੋਰੀਆਂ ਦਿੰਦੇ। ਕਮਲ ਕਈ ਵਾਰੀ ਉਹ ਲੋਰੀਆਂ ਆਪ ਵੀ ਗਾਉਣ ਲੱਗ ਜਾਂਦੀ ਤੇ ਦਾਦੀ ਮਾਂ ਨੂੰ ਪੁੱਛਦੀ,“ਦਾਦੀ ਮਾਂ ਤੁਸੀਂ ਇਹ ਸਾਰਾ ਕੁਝ ਕਿੱਥੋਂ ਸਿੱਖਿਆ ਹੈ?” ਦਾਦੀ ਮਾਂ ਬੜੇ ਪਿਆਰ ਨਾਲ ਆਖਦੇ, ‘ਇਹ ਸਾਰਾ ਕੁਝ ਪੀੜ੍ਹੀ ਦਰ ਪੀੜ੍ਹੀ ਸਾਡੇ ਪੁਰਖਿਆਂ ਤੋਂ ਸਾਡੇ ਵਿਚ ਆਉਂਦਾ ਰਹਿੰਦੈ। ਭਾਵੇਂ ਸਾਡੇ ਬਜ਼ੁਰਗ ਅਨਪੜ੍ਹ ਸੀ, ਪਰ ਜੀਵਨ ਦੀਆਂ ਸਾਰੀਆਂ ਸੱਚਾਈਆਂ ਬਾਖੂਬੀ ਜਾਣਦੇ ਸਨ। ਪੁੱਤਰ, ਮਨੁੱਖ ਜਿੰਨਾ ਮਰਜ਼ੀ ਪੜ੍ਹ-ਲਿਖ ਜਾਵੇ, ਜਿੰਨੇ ਮਰਜ਼ੀ ਵੱਡੇ ਅਹੁਦੇ ’ਤੇ ਪਹੁੰਚ ਜਾਵੇ, ਪਰ ਉਸ ਨੂੰ ਆਪਣੀਆਂ ਜੜਾਂ ਨਾਲ ਜੁੜਿਆ ਰਹਿਣਾ ਚਾਹੀਦੈ। ਅਣਗਿਣਤ ਬੋਲੀਆਂ ਸਿੱਖੇ, ਬੋਲੇ, ਪਰ ਮਾਂ ਬੋਲੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਐ। ਜਿਸ ਦਰੱਖਤ ਦੀਆਂ ਜੜਾਂ ਮਜ਼ਬੂਤ ਹੋਣ, ਉਹ ਹਨੇਰੀ ਝੱਖੜ ਆਉਣ ’ਤੇ ਵੀ ਡੋਲਦੇ ਨਹੀਂ।’’

“ਤਾਂ ਹੀ ਤਾਂ ਮੈਂ ਮੇਰੇ ਪਿਆਰੇ ਦਾਦੀ ਜੀ ਕੋਲੋਂ ਸਾਰਾ ਕੁਝ ਸਿੱਖਦੀ ਰਹਿੰਨੀ ਆਂ।” ਕਮਲ ਦਾਦੀ ਮਾਂ ਦੇ ਗਲ਼ ਬਾਹਾਂ ਪਾ ਕੇ ਘੁੱਟ ਕੇ ਪਿਆਰ ਕਰਦੀ ਆਖਦੀ।

ਦਾਦੀ ਮਾਂ ਪਿਆਰ ਦਿੰਦੇ, ਅਸੀਸਾਂ ਦੀ ਝੜੀ ਲਾ ਦਿੰਦੇ। ਕਮਲ ਸਵੇਰੇ ਜਲਦੀ ਉੱਠਦੀ, ਨਹਾ ਧੋ ਕੇ ਪੜ੍ਹਾਈ ਕਰਦੀ, ਸਮੇਂ ਸਿਰ ਸਕੂਲ ਲਈ ਤਿਆਰ ਹੋ ਕੇ ਮੰਮੀ-ਪਾਪਾ ਤੋਂ ਪਿਆਰ ਤੇ ਦਾਦੀ ਮਾਂ ਤੋਂ ਆਸ਼ੀਰਵਾਦ ਲੈ ਕੇ ਸਕੂਲ ਲਈ ਚੱਲ ਪੈਂਦੀ।

ਅੱਜ ਸਵੇਰ ਦੀ ਸਭਾ ਦੌਰਾਨ ਮੁੱਖ-ਅਧਿਆਪਕ ਨੇ ਸਟੇਜ ਤੋਂ ਬੋਲਣਾ ਸ਼ੁਰੂ ਕੀਤਾ,“ਪਿਆਰੇ ਬੱਚਿਓ, ਅੱਜ ਮੈਂ ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਬੋਲਾਂਗਾ, ਤੁਸੀਂ ਸਭ ਨੇ ਉਨ੍ਹਾਂ ਦਾ ਜਵਾਬ ਦੇਣਾ ਹੈ। ਜੋ ਬੱਚਾ ਸਭ ਤੋਂ ਵੱਧ ਜਵਾਬ ਦੇਵੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ।” ਮੁੱਖ-ਅਧਿਆਪਕ ਨੇ ਕਈ ਸ਼ਬਦ ਬੋਲੇ। ਕਈ ਬੱਚਿਆਂ ਨੇ ਉਨ੍ਹਾਂ ਦੇ ਅਰਥ ਦੱਸੇ। ਕਮਲ ਨੇ ਹਰ ਸ਼ਬਦ ਦਾ ਅਰਥ ਬਹੁਤ ਹੀ ਵਧੀਆ ਵਿਆਖਿਆ ਕਰਕੇ ਦੱਸਿਆ। ਕਮਲ ਨੂੰ ਸਟੇਜ ’ਤੇ ਬੁਲਾਉਂਦਿਆਂ ਮੁੱਖ-ਅਧਿਆਪਕ ਨੇ ਪੁੱਛਿਆ,“ਕਮਲ ਬੇਟਾ , ਤੁਸੀਂ ਇੰਨੇ ਪੁਰਾਣੇ ਸ਼ਬਦਾਂ ਦੇ ਏਨੇ ਵਧੀਆ ਅਰਥ ਕਿੱਥੋਂ ਸਿੱਖੇ ਹਨ?” “ਸਰ ਮੇਰੇ ਦਾਦੀ ਜੀ ਗਿਆਨ ਦੇ ਖ਼ਜ਼ਾਨੇ ਨੇ, ਹਰ ਰੋਜ਼ ਮੈਂ ਇਹ ਸਾਰੀਆਂ ਗੱਲਾਂ ਉਨ੍ਹਾਂ ਤੋਂ ਸਿੱਖਦੀ ਹਾਂ, ਉਹ ਕਹਿੰਦੇ ਹਨ ਕਿ ਜਿਸ ਨੂੰ ਆਪਣੀ ਮਾਂ-ਬੋਲੀ ਦਾ ਗਿਆਨ ਨਹੀਂ, ਉਹ ਢੇਰ ਕਿਤਾਬਾਂ ਪੜ੍ਹ ਕੇ ਵੀ ਅਗਿਆਨੀ ਹੀ ਰਹਿੰਦਾ ਹੈ।” ਕਮਲ ਨੇ ਉੱਤਰ ਦਿੰਦਿਆਂ ਕਿਹਾ।

“ਵਾਹ ਫੇਰ ਤਾਂ ਅਸੀਂ ਕਿਸੇ ਦਿਨ ਤੁਹਾਡੇ ਦਾਦੀ ਜੀ ਨੂੰ ਇੱਥੇ ਬੁਲਾ ਕੇ ਉਨ੍ਹਾਂ ਤੋਂ ਇਹ ਗਿਆਨ ਜ਼ਰੂਰ ਹਾਸਲ ਕਰਾਂਗੇ।” ਮੁੱਖ ਅਧਿਆਪਕ ਨੇ ਕਮਲ ਨੂੰ ਇਨਾਮ ਦਿੰਦਿਆਂ ਕਿਹਾ। ਕਮਲ ਦੇ ਚਿਹਰੇ ’ਤੇ ਵੱਖਰੀ ਜਿਹੀ ਮੁਸਕਾਨ ਆ ਗਈ। ਉਸ ਨੂੰ ਆਪਣੇ ਆਪ ’ਤੇ ਅਤੇ ਆਪਣੇ ਦਾਦੀ ਜੀ ’ਤੇ ਮਾਣ ਮਹਿਸੂਸ ਹੋ ਰਿਹਾ ਸੀ। ਅੱਜ ਉਸ ਨੂੰ ਸਾਰੀ ਛੁੱਟੀ ਦਾ ਤੀਬਰ ਇੰਤਜ਼ਾਰ ਸੀ। ਛੁੱਟੀ ਹੁੰਦਿਆਂ ਹੀ ਕਮਲ ਨੇ ਇਨਾਮ ਬਸਤੇ ਵਿਚੋਂ ਕੱਢ ਕੇ ਹੱਥ ਵਿਚ ਫੜ ਲਿਆ ਤੇ ਦਾਦੀ ਮਾਂ ਦੀਆਂ ਸੁਣਾਈਆਂ ਲਾਈਨਾਂ ਨੂੰ ਉਹ ਆਪਣੇ ਮੂੰਹ ਵਿਚ ਗੁਣ-ਗੁਣਾਉਂਦੀ ਜਾ ਰਹੀ ਸੀ:

ਕਦੇ ਲੋਰੀਆਂ ਨਾਲ ਸਵਾਉਂਦੀ ਏ

ਗਾ ਘੋੜੀਆਂ ਸ਼ਗਨ ਮਨਾਉਂਦੀ ਏ

ਤੁਰ ਜਾਣ ’ਤੇ ਵੈਣ ਵੀ ਪਾਉਂਦੀ ਏ

ਇਹਦੀ ਵੱਖਰੀ ਟੌਹਰ ਨਵਾਬੀ ਏ

ਮੇਰੀ ਮਾਂ ਬੋਲੀ ਪੰਜਾਬੀ ਏ

ਮੇਰੀ ਮਾਂ ਬੋਲੀ ਪੰਜਾਬੀ ਏ…