ਟੋਰਾਂਟੋ—ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੰਮਕਾਜੀ ਮਹਿਲਾਵਾਂ ਦੇ ਅੱਗੇ ਵੱਧਣ ਅਤੇ ਕੰਮ ਵਾਲੀਆਂ ਥਾਵਾਂ ਜਾਂ ਸਿਆਸਤ ‘ਚ ਸਿਖਰ ‘ਤੇ ਪੁੱਜਣ ਦੇ ਰਾਹ ‘ਚ ਜਿਸਮਾਨੀ ਸ਼ੋਸ਼ਣ ਸਭ ਤੋਂ ਵੱਡਾ ਅੜਿੱਕਾ ਹੈ। ਪ੍ਰਧਾਨ ਮੰਤਰੀ ਨੇ ਇਹ ਪ੍ਰਗਟਾਵਾ ਮਹਿਲਾਵਾਂ ਦੇ ਸੰਮੇਲਨ ਦੌਰਾਨ ਕੀਤਾ ਅਤੇ ਕਿਹਾ ਕਿ ‘ਮੀਂ ਟੂ ਪਲੇਅ’ ਵਰਗੀਆਂ ਸਰਗਰਮੀਆਂ ਕੰਮ ਵਾਲੇ ਸਥਾਨ ਦਾ ਮਾਹੌਲ ਬਦਲਣ ‘ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਇਹ ਪੁੱਛੇ ਜਾਣ ‘ਤੇ ਕਿ ਕਾਰਪੋਰੇਟ ਖੇਤਰ ‘ਚ ਉਚ ਅਹੁਦਿਆਂ ‘ਤੇ ਮਹਿਲਾਵਾਂ ਦੀ ਗਿਣਤੀ ਵਧਾਉਣ ਲਈ ਕੈਨੇਡਾ ਸਰਕਾਰ ਕਿਹੜੇ ਕਦਮ ਚੁੱਕ ਰਹੀ ਹੈ, ਟਰੂਡੋ ਨੇ ਆਪਣੀ ਮਿਸਾਲ ਪੇਸ਼ ਕੀਤੀ ਅਤੇ ਕਿਹਾ ਕਿ ਕੈਬਨਿਟ ਦੀ ਗਠਨ ਕਰਨ ਸਮੇਂ ਮਹਿਲਾਵਾਂ ਨੂੰ ਬਰਾਬਰ ਦੀ ਨਿਮਾਇੰਦੀ ਦਿੱਤੇ ਜਾਣ ਦਾ ਖਾਸ ਖਿਆਲ ਰੱਖਿਆ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਸਭ ਤੋਂ ਵੱਡੀ ਚੁਣੌਤੀ ਮਹਿਲਾਵਾਂ ਦੀ ਗਿਣਤੀ ਨੂੰ ਬਰਕਰਾਰ ਰੱਖਣ ਦੀ ਹੈ ਕਿਉਂਕਿ ਸਿਆਸਤ ਬਹੁਤ ਮੁਸ਼ਕਲ ਖੇਤਰ ਹੈ ਅਤੇ ਹਾਲੇ ਵੀ ਮਹਿਲਾਵਾਂ ਲਈ ਰਾਹ ਐਨਾ ਸੁਖਾਲਾ ਨਹੀਂ। ਚੇਤੇ ਰਹੇ ਕਿ ਜਸਟਿਨ ਟਰੂਡੋ ‘ਤੇ ਮਹਿਲਾ ਨਾਲ ਦੁਰਵਿਹਾਰ ਦੇ ਦੋਸ਼ ਲੱਗ ਚੁੱਕੇ ਹਨ। ਸਾਲ 2000 ‘ਚ ਇਕ ਮਹਿਲਾ ਪੱਤਰਕਾਰ ਨੇ ਟਰੂਡੋ ‘ਤੇ ਗੈਰਵਾਜਬ ਤਰੀਕੇ ਨਾਲ ਜੱਫੀ ਪਾਉਣ ਦਾ ਦੋਸ਼ ਲਾਇਆ ਸੀ।
ਜਸਟਿਨ ਟਰੂਡੋ ਨੇ ਇਸ ਮੁੱਦੇ ‘ਤੇ ਸਫਾਈ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਮਹਿਲਾ ਪ੍ਰਤੀ ਉਨ੍ਹਾਂ ਦਾ ਵਤੀਰਾ ਗੈਰਵਾਜਬ ਨਹੀਂ ਪਰ ਨਾਲ ਹੀ ਪ੍ਰਵਾਨ ਕੀਤਾ ਕਿ ਸੰਭਾਵਿਤ ਤੌਰ ‘ਤੇ ਮਹਿਲਾ ਮੇਰੇ ਰਵੱਈਏ ਨੂੰ ਗਲਤ ਸਮਝ ਬੈਠੀ। ਆਲੋਚਕਾਂ ਵੱਲੋਂ ਟਰੂਡੋ ਦੀ ਦਲੀਲ ਰੱਦ ਕਰਦਿਆਂ ਇਸ ਮਾਮਲੇ ਦੀ ਆਜ਼ਾਦ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਧਾਨ ਮੰਤਰੀ ਨੇ ਆਪਣਾ ਸੰਬੋਧਨ ਜਾਰੀ ਰੱਖਦਿਆਂ ਕਿਹਾ ਕਿ ਪਿਛਲੇ 40 ਵਰ੍ਹਿਆਂ ਦੌਰਾਨ ਕੰਮਕਾਜੀ ਮਹਿਲਾਵਾਂ ਨੇ ਕੈਨੇਡਾ ਦੇ ਜੀ.ਡੀ.ਪੀ. ‘ਚ ਇਕ-ਤਿਹਾਈ ਯੋਗਦਾਨ ਪਾਇਆ ਹੈ ਅਤੇ ਆਉਣ ਵਾਲੇ ਸਮੇਂ ‘ਚ ਇਹ ਅੰਕੜਾ ਹੋਰ ਵੱਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।