ਨਵੀਂ ਦਿੱਲੀ/ਇੰਫਾਲ, 29 ਮਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਸਾਗ੍ਰਸਤ ਮਨੀਪੁਰ ਦੇ ਚਾਰ ਦਿਨਾ ਦੌਰੇ ਲਈ ਅੱਜ ਇੰਫਾਲ ਪਹੁੰਚ ਗਏ ਹਨ। ਆਪਣੀ ਇਸ ਫੇਰੀ ਦੌਰਾਨ ਉਹ ਮੈਤੇਈ ਤੇ ਕੁਕੀ ਭਾਈਚਾਰਿਆਂ ਦਰਮਿਆਨ ਸ਼ਾਂਤੀ ਬਹਾਲੀ ਲਈ ਕੋਈ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਕਰਨਗੇ। ਸ੍ਰੀ ਸ਼ਾਹ ਦਿੱਲੀ ਤੋਂ ਵਿਸ਼ੇਸ਼ ਉਡਾਨ ਰਾਹੀਂ ਇੰਫਾਲ ਦੇ ਬੀਰ ਟਿਕੇਂਦਰਾਜੀਤ ਇੰਫਾਲ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇੇ। ਸੂਤਰਾਂ ਮੁਤਾਬਕ ਸ਼ਾਹ ਮੰਗਲਵਾਰ ਨੂੰ ਹਾਲਾਤ ਦੇ ਜਾਇਜ਼ੇ ਤੇ ਸੂਬੇ ’ਚ ਅਮਨ ਬਹਾਲੀ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਯੋਜਨਾਬੰਦੀ ਲਈ ਕਈ ਗੇੜ ਦੀਆਂ ਮੀਟਿੰਗਾਂ ਕਰਨਗੇ। ਬੁੱਧਵਾਰ ਨੂੰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰਕੇ ਸੂਬੇ ’ਚ ਹਿੰਸਾ ਨੂੰ ਕਾਬੂ ਹੇਠ ਲਿਆਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਐਲਾਨ ਕਰਗੇ। ਸੂਬੇ ’ਚ ਇਸ ਮਹੀਨੇ ਦੀ ਸ਼ੁਰੂਆਤ ’ਚ ਭੜਕੀ ਨਸਲੀ ਹਿੰਸਾ ਮਗਰੋਂ ਸ਼ਾਹ ਦੀ ਉੱਤਰ-ਪੂਰਬੀ ਸੂਬੇ ਦੀ ਇਹ ਪਲੇਠੀ ਫੇਰੀ ਹੈ। ਦੱਸਣਯੋਗ ਹੈ ਕਿ ਮਨੀਪੁਰ ਦੇ ਕਈ ਹਿੱਸਿਆਂ ਵਿਚੋਂ ਰਾਖ਼ਵਾਂਕਰਨ ਨੂੰ ਲੈ ਨਸਲੀ ਹਿੰਸਾ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।