ਮੁੰਬਈ, 3 ਜਨਵਰੀ

ਭਾਰਤੀ ਟੀ-20 ਕ੍ਰਿਕਟ ਟੀਮ ਸ੍ਰੀਲੰਕਾ ਖ਼ਿਲਾਫ਼ ਭਲਕੇ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਵਿੱਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੇ.ਐੱਲ. ਰਾਹੁਲ ਤੋਂ ਬਿਨਾਂ ਮੈਦਾਨ ਵਿੱਚ ਉਤਰੇਗੀ ਅਤੇ ਹਾਰਦਿਕ ਪੰਡਿਆ ਟੀ-20 ਦੀ ਕਪਤਾਨੀ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗਾ। ਭਾਰਤੀ ਕ੍ਰਿਕਟ ਪ੍ਰੇਮੀ ਹਾਰਦਿਕ ਦੀ ਕਪਤਾਨੀ ਦੀ ਝਲਕ ਪਹਿਲਾਂ ਹੀ ਦੇਖ ਚੁੱਕੇ ਹਨ, ਜਦੋਂ ਉਸ ਦੀ ਅਗਵਾਈ ਹੇਠ ਟੀਮ ਨੇ ਨਿਊਜ਼ੀਲੈਂਡ ਵਿੱਚ ਮੀਂਹ ਨਾਲ ਪ੍ਰਭਾਵਿਤ ਟੀ-20 ਲੜੀ ਜਿੱਤੀ ਸੀ। ਇਸ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਖੇਡਿਆ ਜਾਣਾ ਹੈ। ਅਜਿਹੇ ਵਿੱਚ ਭਾਰਤੀ ਟੀਮ ਲਈ ਟੀ-20 ਮੈਚ ਤਰਜੀਹ ਨਹੀਂ ਹਨ ਪਰ ਇਸ ਨਾਲ ਹਾਰਦਿਕ ਨੂੰ 2024 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਰਣਨੀਤੀ ਤਿਆਰ ਕਰਨ ਵਿੱਚ ਮਦਦ ਮਿਲੇਗੀ। ਭਲਕੇ ਵਾਨਖੇੜੇ ਸਟੇਡੀਅਮ ਵਿੱਚ ਰੁਤੁਰਾਜ ਗਾਇਕਵਾੜ ਨੂੰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ। ਤੀਜੇ ਨੰਬਰ ਦੇ ਬੱਲੇਬਾਜ਼ ਲਈ ਹਾਰਦਿਕ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਸੂਰਿਆਕੁਮਾਰ ਯਾਦਵ ’ਤੇ ਭਰੋਸਾ ਕਰ ਸਕਦਾ ਹੈ। ਹਾਰਦਿਕ ਛੇ ਗੇਂਦਬਾਜ਼ ਖਿਡਾਉਣ ਦੇ ਪੱਖ ਵਿੱਚ ਹੈ ਅਤੇ ਅਜਿਹੀ ਸਥਿਤੀ ਵਿੱਚ ਦੀਪਕ ਹੁੱਡਾ ਨੂੰ ਪਹਿਲੇ ਮੈਚ ਵਿੱਚ ਮੌਕਾ ਮਿਲ ਸਕਦਾ ਹੈ। ਉਧਰ ਮੱਧ ਕ੍ਰਮ ’ਚ ਸੰਜੂ ਸੈਮਸਨ ਤੇ ਰਾਹੁਲ ਤ੍ਰਿਪਾਠੀ ’ਚੋਂ ਇੱਕ ਦੀ ਚੋਣ ਕਰਨੀ ਪਵੇਗੀ। ਤੇਜ਼ ਗੇਂਦਬਾਜ਼ੀ ਦੀ ਕਮਾਨ ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਤੇ ਉਮਰਾਨ ਮਲਿਕ ਹੱਥ ਹੋ ਸਕਦੀ ਹੈ।