ਨਵੀਂ ਦਿੱਲੀ/ਸੰਯੁਕਤ ਰਾਸ਼ਟਰ, 5 ਅਪਰੈਲ
ਭਾਰਤ ਨੇ ਅੱਜ ਯੂਕਰੇਨ ਦੇ ਬੁਕਾ ਵਿੱਚ ਨਾਗਰਿਕ ਹੱਤਿਆਵਾਂ ਦੀਆਂ ਤਾਜ਼ਾ ਰਿਪੋਰਟਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤੀਨਿਧੀ ਟੀਐੱਸ ਤ੍ਰਿਮੂਰਤੀ ਨੇ ਕਿਹਾ ਕਿ ਨਾਗਰਿਕਾਂ ਦੀਆਂ ਹੱਤਿਆਵਾਂ ਸਬੰਧੀ ਰਿਪੋਰਟਾਂ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀਆਂ ਹਨ। ਤ੍ਰਿਮੂਰਤੀ ਨੇ ਕਿਹਾ, ‘‘ਅਸੀਂ ਇਨ੍ਹਾਂ ਕਤਲਾਂ ਦੀ ਸਪਸ਼ਟ ਨਿਖੇਧੀ ਕਰਦੇ ਹਾਂ ਅਤੇ ਆਜ਼ਾਦ ਜਾਂਚ ਦੀ ਮੰਗ ਦਾ ਸਮਰਥਨ ਕਰਦੇ ਹਾਂ। ਭਾਰਤ ਵਿਗੜ ਰਹੀ ਸਥਿਤੀ ਬਾਰੇ ਪੂਰੀ ਤਰ੍ਹਾਂ ਫ਼ਿਕਰਮੰਦ ਹੈ ਅਤੇ ਹਿੰਸਾ ਨੂੰ ਫੌਰੀ ਰੋਕਣ ਤੇ ਦੁਸ਼ਮਣੀ ਨੂੰ ਖ਼ਤਮ ਕਰਨ ਦੀ ਆਪਣੀ ਮੰਗ ਨੂੰ ਦੁਹਰਾਉਂਦਾ ਹੈ।’’ ਉਧਰ, ਚੀਨੀ ਰਾਜਦੂਤ ਨੇ ਵੀ ਯੂਐੱਨ ਵਿੱਚ ਕਿਹਾ ਕਿ ਯੂਕਰੇਨੀ ਸ਼ਹਿਰ ਬੁਕਾ ਵਿੱਚ ਨਾਗਰਿਕਾਂ ਦੀਆਂ ਹੱਤਿਆਵਾਂ ਸਬੰਧੀ ਰਿਪੋਰਟਾਂ ਅਤੇ ਤਸਵੀਰਾਂ ਬਹੁਤ ਹੀ ਪ੍ਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਰਿਪੋਰਟਾਂ ਦੀ ਤਸਦੀਕ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਦੋਸ਼ ਤੱਥਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ।

ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਯੂਐੱਨ ਸਲਾਮਤੀ ਕੌਂਸਲ ਨੂੰ ਕਿਹਾ ਕਿ ਰੂਸ ਦੀ ਜਵਾਬਦੇਹੀ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਰੂਸੀ ਫ਼ੌਜੀਆਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ‘ਸਭ ਤੋਂ ਭਿਆਨਕ ਯੁੱਧ ਅਪਰਾਧ’ ਕੀਤਾ ਹੈ। ਜ਼ੇਲੈਂਸਕੀ ਨੇ ਇਰਪਿਨ, ਡਾਇਮੇਰਕਾ, ਮਾਰਿਯੁਪੋਲ ਅਤੇ ਬੁਕਾ ਵਿੱਚ ਹੋਏ ਹੱਤਿਆਕਾਂਡ ਸਬੰਧੀ ਇੱਕ ਸੰਖੇਪ ਵੀਡੀਓ ਵੀ ਦਿਖਾਈ। ਇਸੇ ਦੌਰਾਨ ਰੂਸ ਦੇ ਯੂਐੱਨ ਰਾਜਦੂਤ ਵੈਸਿਲੀ ਨੇਬੈਂਜ਼ੀਆ ਨੇ ਕਿਹਾ ਕਿ ਰੂਸੀ ਫੌਜੀ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ। ਉਨ੍ਹਾਂ ਦੁਰਵਿਹਾਰ ਦੇ ਦੋਸ਼ਾਂ ਨੂੰ ਝੂਠਾ ਕਹਿ ਕੇ ਨਕਾਰ ਦਿੱਤਾ।