ਵਾਸ਼ਿੰਗਟਨ, 25 ਸਤੰਬਰ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਥੇ ਵਾਈਟ ਹਾਊਸ ’ਚ ਪ੍ਧਾਨ ਮੰਰਤੀ ਨਰਿੰਦਰ ਮੋਦੀ ਨਾਲ ਪਹਿਲੀ ਸਿੱਧੀ ਮੁਲਾਕਾਤ ਮਗਰੋਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਹਨ ਅਤੇ ਦੋਵੇਂ ਦੇਸ਼ ਮਿਲ ਕੇ ਸਖਤ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। ਦੋਵਾਂ ਨੇਤਾਵਾਂ ਦੀ ਮੁਲਾਕਾਤ ਨਿਰਧਾਰਤ 60 ਮਿੰਟਾਂ ਦੀ ਬਜਾਏ 90 ਮਿੰਟ ਤੋਂ ਜ਼ਿਆਦਾ ਚੱਲੀ।ਬਾਇਡਨ ਨੇ ਟਵਿੱਟਰ ‘ਤੇ ਮੋਦੀ ਨਾਲ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਦੋਵੇਂ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਹੋਈ ਦੁਵੱਲੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਗਲੀ ਸਦੀ ਦੇ ਆਰਥਿਕ ਅਤੇ ਸੁਰੱਖਿਆ ਦੇ ਦ੍ਰਿਸ਼ ਨੂੰ ਪਰਿਭਾਸ਼ਤ ਕਰਨਗੇ। ਦੋਵੇਂ ਧਿਰਾਂ ਰਣਨੀਤਕ ਸਾਂਝੇਦਾਰੀ ਬਣਾਉਣਗੀਆਂ ਅਤੇ ਆਸੀਆਨ ਅਤੇ ਕਵਾਡ ਸਮੇਤ ਖੇਤਰੀ ਸਮੂਹਾਂ ਦੇ ਨਾਲ ਮਿਲ ਕੇ ਕੰਮ ਕਰਨਗੀਆਂ, ਵਪਾਰ ਅਤੇ ਨਿਵੇਸ਼ ਦੀ ਭਾਈਵਾਲੀ ਵਿਕਸਤ ਕਰਨਗੀਆਂ, ਮਹਾਂਮਾਰੀ ਵਿਰੁੱਧ ਲੜਨਗੀਆਂ, ਵਾਤਾਵਰਨ ਬਚਾਉਣ ਲਈ ਕੰਮ ਕਰਨਗੀਆਂ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ​​ਕਰਨਗੀਆਂ।