ਨਵੀਂ ਦਿੱਲੀ, 9 ਅਕਤੂਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਡੈਨਿਸ਼ ਹਮਰੁਤਬਾ ਮੈੱਟ ਫਰੈਡਰਿਕਸਨ ਨੇ ਸਿਹਤ, ਖੇਤੀਬਾੜੀ, ਜਲ ਪ੍ਰਬੰਧਨ, ਵਾਤਾਵਰਨ ਬਦਲਾਅ ਅਤੇ ਨਵਿਆਉਣਯੋਗ ਊਰਜਾ ਸਮੇਤ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਧਿਆਨ ਕੇਂਦਰਿਤ ਕਰਦਿਆਂ ਵਾਰਤਾ ਕੀਤੀ। ਵਾਰਤਾ ਤੋਂ ਬਾਅਦ ਮੀਡੀਆ ਨੂੰ ਦਿੱਤੇ ਬਿਆਨ ’ਚ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਭਾਰਤ-ਡੈਨਮਾਰਕ ਹਰਿਤ ਰਣਨੀਤਕ ਭਾਈਵਾਲੀ ਤਹਿਤ ਕੀਤੀ ਪ੍ਰਗਤੀ ਦੀ ਨਜ਼ਰਸਾਨੀ ਕੀਤੀ ਅਤੇ ਹੋਰ ਸੈਕਟਰਾਂ ’ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਦੋਵੇਂ ਮੁਲਕਾਂ ਨੇ ਚਾਰ ਸਮਝੌਤੇ ਸਹੀਬੰਦ ਕੀਤੇ ਜੋ ਵਿਗਿਆਨ, ਤਕਨਾਲੋਜੀ, ਵਾਤਾਵਰਨ ਬਦਲਾਅ ਅਤੇ ਹੁਨਰ ਵਿਕਾਸ ’ਚ ਸਹਿਯੋਗ ਨੂੰ ਹੋਰ ਗੂੜ੍ਹਾ ਬਣਾਉਣਗੇ। ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਹਰਿਤ ਤਕਨਾਲੋਜੀਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਸ੍ਰੀ ਮੋਦੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਦੁਨੀਆ ਲਈ ਪ੍ਰੇਣਾਸ੍ਰੋਤ ਦੱਸਿਆ। ਹਰਿਤ ਭਾਈਵਾਲੀ ਤਹਿਤ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਵਰਚੁਅਲ ਸਿਖਰ ਸੰਮੇਲਨ ਨੂੰ ਅੰਤਿਮ ਰੂਪ ਦਿੱਤਾ ਗਿਆ। ਆਪਣੇ ਬਿਆਨ ’ਚ ਫਰੈਡਰਿਕਸਨ ਨੇ ਕਿਹਾ ਕਿ ਭਾਰਤ ਅਤੇ ਡੈਨਮਾਰਕ ’ਚ ਸਹਿਯੋਗ ਇਕ ਵੱਡੀ ਮਿਸਾਲ ਹੈ ਕਿ ਕਿਵੇਂ ਹਰਿਤ ਵਿਕਾਸ ਅਤੇ ਹਰਿਤ ਪਰਿਵਰਤਨ ਮਿਲ ਕੇ ਸਹਾਈ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਸਿਹਤ ਅਤੇ ਖੇਤੀਬਾੜੀ ਖੇਤਰਾਂ ’ਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਲਿਆ ਹੈ। ਫਰੈਡਰਿਕਸਨ ਅੱਜ ਸਵੇਰੇ ਹੀ ਤਿੰਨ ਦਿਨ ਦੇ ਭਾਰਤ ਦੌਰੇ ’ਤੇ ਇਥੇ ਪਹੁੰਚੇ ਹਨ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਰਾਸ਼ਟਰਪਤੀ ਭਵਨ ’ਚ ਉਨ੍ਹਾਂ ਦਾ ਸਵਾਗਤ ਕੀਤਾ ਸੀ। ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਰਾਜਘਾਟ ਦਾ ਦੌਰਾ ਕਰਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਫਰੈਡਰਿਕਸਨ ਨਾਲ ਮੁਲਕਾਤ ਕੀਤੀ ਹੈ।