ਵਾਸ਼ਿੰਗਟਨ, 16 ਅਕਤੂਬਰ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੀ ਅਮਰੀਕੀ ਹਮਰੁਤਬਾ ਜੈਨੇਟ ਯੈਲੇਨ ਨਾਲ ਵੀਰਵਾਰ ਨੂੰ ਗ਼ੈਰਕਾਨੂੰਨੀ ਆਰਥਿਕ ਗਤੀਵਿਧੀਆਂ, ਮਨੀ ਲਾਂਡਰਿੰਗ ਨਾਲ ਨਜਿੱਠਣ ਅਤੇ ਅਤਿਵਾਦ ਨੂੰ ਵਿੱਤੀ ਮਦਦ ਰੋਕਣ ਸਣੇ ਕਈ ਹੋਰ ਅਹਿਮ ਮੁੱਦਿਆਂ ਉਤੇ ਗੱਲਬਾਤ ਕੀਤੀ। ਭਾਰਤ-ਅਮਰੀਕਾ ਆਰਥਿਕ ਤੇ ਵਿੱਤੀ ਭਾਈਵਾਲੀ (ਈਏਐਫਪੀ) ਦੀ ਅੱਠਵੇਂ ਗੇੜ ਦੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਕਈ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਵਿੱਤ ਮੰਤਰਾਲੇ ਨੇ ਟਵੀਟ ਕੀਤਾ ਕਿ ਸੀਤਾਰਾਮਨ ਤੇ ਯੈਲੇਨ ਦੀ ਬੈਠਕ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ। ਬੈਠਕ ਵਿਚ ਐਫਏਟੀਐਫ ਦੇ ਪੈਮਾਨਿਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਮਹੱਤਵ ਉਤੇ ਵੀ ਸਹਿਮਤੀ ਬਣਾਈ ਗਈ। ਮਨੀ ਲਾਂਡਰਿੰਗ ਤੇ ਅਤਿਵਾਦ ਫੰਡਿੰਗ ਖ਼ਿਲਾਫ਼ ਪੈਰਿਸ ਸਥਿਤ ਇਸ ਆਲਮੀ ਅਥਾਰਿਟੀ ਨੇ ਜੂਨ ਵਿਚ ਮਨੀ ਲਾਂਡਰਿੰਗ ਦੀ ਜਾਂਚ ਕਰਨ ’ਚ ਨਾਕਾਮ ਰਹਿਣ ’ਤੇ ਪਾਕਿਸਤਾਨ ਨੂੰ ਆਪਣੀ ‘ਗ੍ਰੇਅ ਸੂਚੀ’ ਵਿਚ ਬਣਾਈ ਰੱਖਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ‘ਅਸੀਂ ਜ਼ਿਆਦਾ ਜਾਣਕਾਰੀ ਸਾਂਝੀ ਕਰਨ ਤੇ ਤਾਲਮੇਲ ਰਾਹੀਂ ਕਾਲੇ ਧਨ ਨੂੰ ਸਫ਼ੈਦ ਕਰਨ ਨਾਲ ਨਜਿੱਠਣ ਤੇ ਅਤਿਵਾਦ ਨੂੰ ਮਿਲਦੀ ਮਦਦ ਨੂੰ ਰੋਕਣ ਵਿਚ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਦੋਵੇਂ ਧਿਰਾਂ ਵਿੱਤੀ ਅਪਰਾਧਾਂ ਨਾਲ ਨਜਿੱਠਣ ਦੇ ਮਹੱਤਵ ਉਤੇ ਅਤੇ ਆਪਣੀਆਂ ਵਿੱਤੀ ਪ੍ਰਣਾਲੀਆਂ ਦੀ ਦੁਰਵਰਤੋਂ ਨੂੰ ਬਚਾਉਣ ਲਈ ਟਾਸਕ ਫੋਰਸ (ਐਫਏਟੀਐਫ) ਦੇ ਪੈਮਾਨਿਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ’ਤੇ ਸਹਿਮਤ ਹਨ।’ ਮਹਾਮਾਰੀ ਦੀ ਮਾਰ ਤੋਂ ਬਾਅਦ ‘ਈਏਐਫਪੀ’ ਦੀ ਇਸ ਪਹਿਲੀ ਬੈਠਕ ਵਿਚ ਦੋਵੇਂ ਦੇਸ਼ ਸਰਹੱਦ ਪਾਰ ਤੋਂ ਪੈਸੇ ਦੇ ਲੈਣ-ਦੇਣ, ਭੁਗਤਾਨ ਪ੍ਰਣਾਲੀ ਤੇ ਕੌਮਾਂਤਰੀ ਵਿੱਤੀ ਸੇਵਾ ਕੇਂਦਰ ਦੇ ਵਿਕਾਸ ਜਿਹੇ ਉੱਭਰਦੇ ਵਿੱਤੀ ਖੇਤਰਾਂ ਉਤੇ ਅਗਾਂਹ ਵੀ ਭਾਈਵਾਲੀ ਕਰਨ ਉਤੇ ਸਹਿਮਤ ਹੋਏ। ਸੀਤਾਰਾਮਨ ਤੇ ਯੈਲੇਨ ਤੋਂ ਇਲਾਵਾ ਬੈਠਕ ਵਿਚ ਫੈਡਰਲ ਰਿਜ਼ਰਵ ਸਿਸਟਮ ਦੇ ਪ੍ਰਧਾਨ ਜੇਰੋਮ ਪੌਵੈੱਲ ਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਸ਼ਾਮਲ ਹੋਏ। ਸੀਤਾਰਾਮਨ ਤੇ ਯੈਲੇਨ ਨੇ ਆਲਮੀ ਆਰਥਿਕ ਮੁੱਦਿਆਂ ਨੂੰ ਹੱਲ ਕਰਨ ਵਿਚ ਦੁਵੱਲੇ ਤੇ ਬਹੁਪੱਖੀ ਦੋਵਾਂ ਤਰ੍ਹਾਂ ਦੇ ਸਬੰਧਾਂ ਨੂੰ ਬਰਕਰਾਰ ਰੱਖਣ ਉਤੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੋਵਾਂ ਆਗੂਆਂ ਨੇ ਕੋਵਿਡ ਸੰਕਟ ਦੇ ਜੀਵਨ ਤੇ ਆਮਦਨ ਉਤੇ ਪਏ ਅਸਰਾਂ ਨੂੰ ਵੀ ਉਭਾਰਿਆ।