ਜਨੇਵਾ, 12 ਜੂਨ

ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਸਾਢੇ ਚਾਰ ਸਾਲ ਮਗਰੋਂ ਅੱਜ ਸ਼ੁਰੂ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਸੰਸਥਾ ਦੀ ਮੁਖੀ ਨਗੋਜ਼ੀ ਓਕੌਂਜਾ ਇਵੇਲਾ ਨੇ ਕਿਹਾ ਕਿ ਸੰਸਥਾ ਦੇ ਮੈਂਬਰਾਂ ਲਈ ਆਉਣ ਵਾਲਾ ਰਾਹ ਉਤਰਾਅ-ਚੜ੍ਹਾਅ ਭਰਿਆ ਰਹਿਣ ਦੀ ਸੰਭਾਵਨਾ ਹੈ। ਇਸ ਮੀਟਿੰਗ ਦੌਰਾਨ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ, ਯੂਕਰੇਨ-ਰੂਸ ਜੰਗ ਕਾਰਨ ਬਣੀ ਖੁਰਾਕ ਅਸੁਰੱਖਿਆ ਦੀ ਸਥਿਤੀ ਅਤੇ ਦੁਨੀਆ ਭਰ ਦੇ ਸਮੁੰਦਰਾਂ ’ਚੋਂ ਲੋੜ ਨਾਲੋਂ ਵੱਧ ਮੱਛੀਆਂ ਫੜਨ ਦੇ ਮੁੱਦਿਆਂ ’ਤੇ ਚਰਚਾ ਹੋਵੇਗੀ। ਮੰਤਰੀ ਪੱਧਰੀ ਸੰਮੇਲਨ ’ਚ ਸੰਗਠਨ ਦੇ 164 ਮੈਂਬਰ ਮੁਲਕਾਂ ਦੇ 120 ਮੰਤਰੀ ਸ਼ਾਮਲ ਹੋ ਰਹੇ ਹਨ। ਇਵੇਲਾ ਨੇ ਉਮੀਦ ਜ਼ਾਹਿਰ ਕੀਤੀ ਕਿ ਇਸ ਮੀਟਿੰਗ ’ਚ ਨਾਬਰਾਬਰੀ ਦੂਰ ਕਰਨ ਅਤੇ ਮੁਕਤ ਤੇ ਨਿਰਪੱਖ ਵਪਾਰ ਦੀ ਦਿਸ਼ਾ ’ਚ ਪ੍ਰਗਤੀ ਹੋਵੇਗੀ। ਚਾਰ ਰੋਜ਼ਾ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਇਵੇਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਗਲਾ ਰਾਹ ਉਤਰਾਅ-ਚੜ੍ਹਾਅ ਵਾਲਾ ਰਹਿਣ ਵਾਲਾ ਹੈ ਤੇ ਹੋ ਸਕਦਾ ਹੈ ਕਿ ਰਾਹ ਵਿੱਚ ਬਾਰੂਦੀ ਸੁਰੰਗਾਂ ਵੀ ਹੋਣ। ਉਨ੍ਹਾਂ ਕਿਹਾ ਕਿ ਕਾਰੋਬਾਰ ਕਾਰਨ ਹੀ ਇੱਕ ਅਰਬ ਲੋਕ ਗਰੀਬੀ ਤੋਂ ਉੱਭਰ ਸਕੇ ਹਨ ਪਰ ਅਮੀਰ ਮੁਲਕਾਂ ਦੇ ਗਰੀਬ ਅਤੇ ਗਰੀਬ ਦੇਸ਼ ਇਸ ਰਾਹ ’ਚ ਪੱਛੜ ਗਏ ਹਨ।ਮੀਟਿੰਗ ਦੌਰਾਨ ਵੱਖ ਵੱਖ ਮੁਲਕਾਂ ਦੇ ਮੰਤਰੀ ਇਸ ਬਾਰੇ ਵਿਚਾਰ ਚਰਚਾ ਕਰਨਗੇ ਕਿ ਜੰਗ ਕਾਰਨ ਕਣਕ, ਖਾਦ ਤੇ ਹੋਰ ਉਤਪਾਦਾਂ ਦੀ ਕਿੱਲਤ ਝੱਲ ਰਹੇ ਮੁਲਕਾਂ ਤੋਂ ਦਬਾਅ ਘਟਾਉਣ ਲਈ ਖੁਰਾਕੀ ਪਦਾਰਥਾਂ ਦੀ ਬਰਾਮਦ ਪਾਬੰਦੀਆਂ ’ਚ ਢਿੱਲ ਦਿੱਤੀ ਜਾਵੇ ਜਾਂ ਉਨ੍ਹਾਂ ਨੂੰ ਦੂਰ ਕਰਨ ਦਾ ਅਹਿਦ ਲਿਆ ਜਾਵੇ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ’ਚ ਭਾਰਤੀ ਵਫ਼ਦ ਦੀ ਅਗਵਾਈ ਕੇਂਦਰੀ ਵਣਜ ਤੇ ਸਨਅਤ ਮੰਤਰੀ ਦੀ ਨੁਮਾਇੰਦਗੀ ਪਿਊਸ਼ ਗੋਇਲ ਕਰ ਰਹੇ ਹਨ।