ਫ਼ਰੀਦਕੋਟ, ਉੱਘੇ ਪੰਜਾਬੀ ਗਾਇਕ ਬੱਬੂ ਮਾਨ ਵੀ ਆਮ ਆਦਮੀ ਪਾਰਟੀ ਦੀ ਜੰਗ ਵਿੱਚ ਆਣ ਸ਼ਾਮਲ ਹੋਏ ਹਨ। ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਇਸ ਜੰਗ ਵਿੱਚ ਬੱਬੂ ਮਾਨ ਨੇ ਭਗਵੰਤ ਮਾਨ ਦਾ ਨਹੀਂ, ਸਗੋਂ ਸੁਖਪਾਲ ਖਹਿਰਾ ਦਾ ਸਾਥ ਦਿੱਤਾ ਹੈ। ਅਮਰੀਕਾ `ਚ ਆਪਣੇ ਇੱਕ ਸ਼ੋਅ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ।
ਬੱਬੂ ਮਾਨ ਨੇ ਕਿਹਾ,‘ਮਾਲਵੇ ਵਾਲਿਆ ਤੂੰ ਮੰਨ ਭਾਵੇਂ ਨਾ ਮੰਨ, ਤੂੰ ਹਾਰ ਗਿਆ। ਦੋਆਬੇ ਵਾਲਾ ਸੱਚੀ ਬਾਜ਼ੀ ਮਾਰ ਗਿਆ, ਘੁੱਗੀ ਆ ਗਿਆ, ਤੂੰ ਵੀ ਆ ਜਾ ਤੇਰਾ ਕੰਮ ਨਹੀਂ, ਦਿੱਲੀ ਨਾਲ ਟੱਕਰ ਲੈਣ ਦਾ ਦਮ ਨਹੀਂ।`

ਭਗਵੰਤ ਮਾਨ ਨੂੰ ਹੁਣ ਤੱਕ ਬੱਬੂ ਮਾਨ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ। ਲਹਿਰਾਗਾਗਾ (ਸੰਗਰੂਰ) `ਚ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ ਸੀ। ਤਦ ਕਾਂਗਰਸ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਸਿੱਧੀ ਟੱਕਰ ਸੀ। ਬੱਬੂ ਮਾਨ 2014 `ਚ ਵੀ ਭਗਵੰਤ ਮਾਨ ਨਾਲ ਸੀ।
ਸੂਤਰਾਂ ਅਨੁਸਾਰ ਬੱਬੂ ਤੇ ਭਗਵੰਤ ਮਾਨ ਵਿਚਾਲੇ 2016 `ਚ ਮੱਤਭੇਦ ਪੈਦਾ ਹੋ ਗਏ ਸਨ। ਹਾਲੇ ਕੱਲ੍ਹ ਹੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਹੁਣ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੂੰ ਪਾਰਟੀ `ਚੋਂ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ‘ਖਹਿਰਾ ਨੇ ਆਪਣੀ ਪੱਗ ਦਾ ਹੀ ਰੰਗ ਬਦਲ ਕੇ ਹਰਾ ਨਹੀਂ ਕੀਤਾ, ਸਗੋਂ ਆਪਣਾ ਮਨ ਵੀ ਬਦਲ ਲਿਆ ਹੈ ਤੇ ਉਹ ਅਗਲੇ ਕੁਝ ਦਿਨਾਂ `ਚ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਕੋਈ ਨਵਾਂ ਮੋਰਚਾ ਕਾਇਮ ਕਰ ਸਕਦੇ ਹਨ।