ਬਰਾਸੀਲੀਆ/ਓਰਲੈਂਡੋ, 11 ਜਨਵਰੀ

ਬ੍ਰਾਜ਼ੀਲ ਦੀ ਰਾਜਧਾਨੀ ’ਚ ਸਰਕਾਰੀ ਇਮਾਰਤਾਂ ’ਤੇ ਗਦਰ ਮਚਾਉਣ ਵਾਲੇ ਸਾਬਕਾ ਰਾਸ਼ਟਰਪਤੀ ਜੇ ਬੋਲਸੋਨਾਰੋ ਦੇ 1500 ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਹੈ। ਉਂਜ ਖੁਦ ਬੋਲਸੋਨਾਰੋ ਢਿੱਡ ’ਚ ਪੀੜ ਕਾਰਨ ਅਮਰੀਕੀ ਸ਼ਹਿਰ ਫਲੋਰਿਡਾ ਦੇ ਹਸਪਤਾਲ ’ਚ ਦਾਖ਼ਲ ਹੋ ਗਏ ਹਨ। ਬੋਲਸੋਨਾਰੋ ਨੇ ਇਕ ਬਿਆਨ ’ਚ ਕਿਹਾ ਹੈ ਕਿ ਉਨ੍ਹਾਂ ਆਪਣੇ ਸਮਰਥਕਾਂ ਨੂੰ ਨਹੀਂ ਭੜਕਾਇਆ ਅਤੇ ਦੰਗਾਕਾਰੀਆਂ ਨੇ ਹੱਦ ਪਾਰ ਕਰ ਦਿੱਤੀ ਹੈ। ਪਹਿਲੀ ਜਨਵਰੀ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਲੁਈਜ਼ ਲੂਲਾ ਡਾ ਸਿਲਵਾ ਨੇ ਕਿਹਾ ਹੈ ਕਿ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਦੰਗਾਕਾਰੀਆਂ ਨੇ ਲੋਕਤੰਤਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਵਾਲ ਕੀਤਾ ਕਿ ਫ਼ੌਜ ਨੇ ਤਖ਼ਤਾ ਪਲਟਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਖ਼ਿਲਾਫ਼ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ। ਸੁਪਰੀਮ ਕੋਰਟ ਦੇ ਜਸਟਿਸ ਅਲੈਗਜ਼ੈਂਡਰ ਡੀ ਮੋਰੇਸ ਨੇ ਸੁਰੱਖਿਆ ’ਚ ਨਾਕਾਮ ਰਹਿਣ ਲਈ ਬਰਾਸੀਲੀਆ ਦੇ ਗਵਰਨਰ ਨੂੰ 90 ਦਿਨਾਂ ਲਈ ਹਟਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਫੇਸਬੁੱਕ, ਟਵਿੱਟਰ ਅਤੇ ਟਿਕਟੌਕ ਤੋਂ ਜਮਹੂਰੀਅਤ ਵਿਰੋਧੀ ਪ੍ਰਚਾਰ ਫੈਲਾਉਣ ਵਾਲੇ ਲੋਕਾਂ ਦੇ ਖਾਤੇ ਬਲਾਕ ਕਰਨ ਦੇ ਹੁਕਮ ਦਿੱਤੇ ਹਨ। ਬ੍ਰਾਜ਼ੀਲ ਦੀ ਰਾਜਧਾਨੀ ’ਚ ਫ਼ੌਜ ਨੇ ਪੁਲੀਸ ਦੀ ਸਹਾਇਤਾ ਨਾਲ ਫ਼ੌਜੀ ਹੈੱਡਕੁਆਰਟਰ ਦੇ ਬਾਹਰ ਦੋ ਮਹੀਨਿਆਂ ਤੋਂ ਲਾਏ ਗਏ ਧਰਨੇ ਨੂੰ ਹਟਾ ਦਿੱਤਾ। ਉਨ੍ਹਾਂ ਧਰਨੇ ਵਾਲੀ ਥਾਂ ਤੋਂ 1200 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਕਰੀਬ 300 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਸ਼ਟਰਪਤੀ ਡਾ ਸਿਲਵਾ ਨੇ ਰੱਖਿਆ ਮੰਤਰੀ ਅਤੇ ਹਥਿਆਰਬੰਦ ਬਲਾਂ ਦੇ ਕਮਾਂਡਰਾਂ ਨਾਲ ਮੀਟਿੰਗ ਕਰਕੇ ਹਿੰਸਾ ਬਾਰੇ ਵਿਚਾਰ ਵਟਾਂਦਰਾ ਕੀਤਾ। ਜ਼ਿਕਰਯੋਗ ਹੈ ਕਿ ਬੋਲਸੋਨਾਰੋ ਚੋਣ ਹਾਰਨ ਤੋਂ ਬਾਅਦ ਅਮਰੀਕਾ ਚਲੇ ਗਏ ਸਨ। ਉਨ੍ਹਾਂ ’ਤੇ 2018 ’ਚ ਚੋਣ ਪ੍ਰਚਾਰ ਦੌਰਾਨ ਚਾਕੂ ਨਾਲ ਹਮਲਾ ਹੋਇਆ ਸੀ ਅਤੇ ਅਪਰੇਸ਼ਨ ਵਾਲੀ ਥਾਂ ’ਤੇ ਦਰਦ ਮਹਿਸੂਸ ਹੋਇਆ ਹੈ। ਬੋਲਸੋਨਾਰੋ ਨੇ ਕਿਹਾ ਕਿ ਪਹਿਲਾਂ ਉਸ ਨੇ ਜਨਵਰੀ ਦੇ ਅਖੀਰ ਤੱਕ ਅਮਰੀਕਾ ’ਚ ਰੁਕਣਾ ਸੀ ਪਰ ਹੁਣ ਉਹ ਛੇਤੀ ਹੀ ਆਪਣੇ ਡਾਕਟਰਾਂ ਨਾਲ ਮਿਲਣ ਲਈ ਬ੍ਰਾਜ਼ੀਲ ਪਰਤਣਗੇ। ਉਸ ’ਤੇ ਬ੍ਰਾਜ਼ੀਲ ਦੇ ਸੁਪਰੀਮ ਕੋਰਟ ’ਚ ਕਈ ਕੇਸ ਚੱਲ ਰਹੇ ਹਨ ਅਤੇ ਹੁਣ ਅਮਰੀਕਾ ਦੇ ਵੀਜ਼ੇ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਡੈਮਕਰੈਟਿਕ ਪਾਰਟੀ ਦੇ ਸੰਸਦ ਮੈਂਬਰ ਜੁਆਕੁਇਨ ਕਾਸਟਰੋ ਨੇ ਕਿਹਾ ਕਿ ਬ੍ਰਾਜ਼ੀਲ ’ਚ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਤਾਨਾਸ਼ਾਹ ਨੂੰ ਅਮਰੀਕਾ ਪਨਾਹ ਨਾ ਦੇਵੇ।