ਮੁੰਬਈ:ਬੌਲੀਵੁੱਡ ਅਦਾਕਾਰ ਬੌਬੀ ਦਿਓਲ ਅਤੇ ਦੇਬੀਨਾ ਬੈਨਰਜੀ ਨੂੰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 27ਵੇਂ ਲਾਇਨਜ਼ ਗੋਲਡ ਐਵਾਰਡ ਨਾਲ ਸਨਮਾਨਿਆ ਹੈ। ਬੌਬੀ ਦਿਓਲ ਨੂੰ ਵੈੱਬ ਸੀਰੀਜ਼ ‘ਆਸ਼ਰਮ’ ਲਈ ਬੈਸਟ ਐਕਟਰ ਓਟੀਟੀ ਸਟਾਰ ਐਵਾਰਡ, ਜਦਕਿ ਦੇਬੀਨਾ ਨੂੰ ਸੋਸ਼ਲ ਮੀਡੀਆ ਇਨਫਲੁਐਂਸਰ ਐਵਾਰਡ ਮਿਲਿਆ ਹੈ। ਐਵਾਰਡ ਬਾਰੇ ਗੱਲ ਕਰਦਿਆਂ ਬੌਬੀ ਨੇ ਕਿਹਾ, ‘‘ਮੇਰੇ ਲਈ ਇਹ ਐਵਾਰਡ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ। ਮੈਂ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਉਣ ਲਈ ਸ਼ੋਅ ਨਿਰਮਾਤਾਵਾਂ ਦੇ ਲਾਜਵਾਬ ਕੰਮ, ਦਿਲ ਖਿੱਚਵੀਂ ਕਹਾਣੀ ਤੇ ਮੇਰੇ ’ਤੇ ਯਕੀਨ ਕਰਨ ਲਈ ਧੰਨਵਾਦ ਕਰਨਾ ਚਾਹਾਂਗਾ।’’ ਉਧਰ ਦੇਬੀਨਾ ਨੇ ਕਿਹਾ, ‘‘ਮੈਨੂੰ ਐਨਾ ਮਾਣ-ਸਨਮਾਨ ਦੇਣ ਲਈ ਸਭ ਦਾ ਧੰਨਵਾਦ। ਮੈਂ ਆਪਣੇ ਸੋਸ਼ਲ ਮੀਡੀਆ ਪਰਿਵਾਰ ਦੀ ਧੰਨਵਾਦੀ ਹਾਂ, ਜੋ ਹਮੇਸ਼ਾ ਮੇਰੇ ਨਾਲ ਖੜ੍ਹਿਆ ਰਿਹਾ। ਇਹ ਐਵਾਰਡ ਉਨ੍ਹਾਂ ਲਈ ਹੈ।’’ ਐਵਾਰਡ ਸਮਾਗਮ ਬੀਤੀ ਸ਼ਾਮ ਮੁੰਬਈ ਦੇ ਰਾਜ ਭਵਨ ਵਿੱਚ ਕਰਵਾਇਆ ਗਿਆ ਸੀ।