ਨਵੀਂ ਦਿੱਲੀ:ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰੰਧੂ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਿਊਐੱਫ) ਵੱਲੋਂ ਅੱਜ ਜਾਰੀ ਦਰਜਾਬੰਦੀ ਵਿੱਚ ਸਿਖਰਲੀਆਂ 10 ਖਿਡਾਰਨਾਂ ਵਿੱਚੋਂ ਬਾਹਰ ਹੋ ਗਈ ਹੈ। ਉਹ ਪਿਛਲੇ ਹਫ਼ਤੇ ਮਹਿਲਾ ਸਿੰਗਲਜ਼ ਵਰਗ ’ਚ ਆਪਣਾ ਸਵਿਸ ਓਪਨ ਖ਼ਿਤਾਬ ਬਚਾਉਣ ’ਚ ਨਾਕਾਮ ਰਹੀ ਸੀ। ਨਵੀਂ ਦਰਜਾਬੰਦੀ ਮੁਤਾਬਕ ਸਿੰਧੂ, ਜਿਸ ਨੂੰ ਸੱਟ ਤੋਂ ਬਾਅਦ ਲੈਅ ’ਚ ਆਉਣ ਲਈ ਇਸ ਸੀਜ਼ਨ ਵਿੱਚ ਸੰਘਰਸ਼ ਕਰਨਾ ਪੈ ਰਿਹਾ ਹੈ, ਦੋ ਸਥਾਨ ਹੇਠਾਂ ਖਿਸਕ ਕੇ 60,448 ਅੰਕਾਂ ਨਾਲ 11ਵੇਂ ਸਥਾਨ ’ਤੇ ਚਲੀ ਗਈ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨਵੰਬਰ 2013 ਤੋਂ ਚੋਟੀ ਦੀਆਂ 10 ਖਿਡਾਰਨਾਂ ਵਿੱਚ ਸ਼ੁਮਾਰ ਸੀ। ਕਰੀਅਰ ਦੌਰਾਨ ਉਹ ਵਿਸ਼ਵ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਵੀ ਰਹੀ। ਦੂਜੇ ਪਾਸੇ ਪੁਰਸ਼ ਸਿੰਗਲਜ਼ ਦਰਜਾਬੰਦੀ ਵਿੱਚ ਐੱਚ.ਐੱਸ. ਪ੍ਰਣੌਏ 8ਵੇਂ ਨੰਬਰ ’ਤੇ ਹੈ ਅਤੇ ਕਿਦਾਂਬੀ ਸ੍ਰੀਕਾਂਤ ਖਿਸਕ ਕੇ 21ਵੇਂ ਅਤੇ ਲਕਸ਼ੈ ਸੇਨ 25ਵੇਂ ਸਥਾਨ ’ਤੇ ਚਲਾ ਗਿਆ ਹੈ। ਸਵਿਸ ਓਪਨ ਚੈਂਪੀਅਨ ਸਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ 6ਵੇਂ ਨੰਬਰ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ ਜਦਕਿ ਮਹਿਲਾ ਡਬਲਜ਼ ਵਿੱਚ ਟਰੈੱਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ 18ਵੇਂ ਸਥਾਨ ’ਤੇ ਬਰਕਰਾਰ ਹੈ।