ਓਟਵਾ, 21 ਨਵੰਬਰ : ਫੈਡਰਲ ਇਨੋਵੇਸ਼ਨ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਇਸ ਹਫਤੇ ਇੱਕ ਵਾਰੀ ਫਿਰ ਕੈਨੇਡਾ ਦੀ ਬੈਟਰੀ ਸਪਲਾਈ ਚੇਨ ਹੁਨਰ ਨੂੰ ਏਸ਼ੀਆ ਵਿੱਚ ਵੇਚਣਗੇ। ਪਰ ਇਸ ਵਾਰੀ ਉਨ੍ਹਾਂ ਕੋਲ ਫੜ੍ਹਾਂ ਮਾਰਨ ਲਈ ਹੋਰ ਕੁੱਝ ਵੀ ਹੈ।
ਰਿਸਰਚ ਫਰਮ ਬਲੂਮਬਰਗ ਐਨਈਐਫ ਨੇ ਬੈਟਰੀ ਉਤਪਾਦਨ ਦੇ ਮਾਮਲੇ ਵਿੱਚ ਇਸ ਦੀ ਸਾਲਾਨਾ ਗਲੋਬਲ ਦਰਜੇਬੰਦੀ ਵਿੱਚ ਕੈਨੇਡਾ ਦੀ ਸਥਿਤੀ ਕਾਫੀ ਉੱਪਰ ਲਿਆ ਦਿੱਤੀ। ਇਸ ਮਾਮਲੇ ਵਿੱਚ ਜੇ ਕੈਨੇਡਾ ਕਿਸੇ ਤੋਂ ਪਿੱਛੇ ਹੈ ਤਾਂ ਉਹ ਹੈ ਚੀਨ। ਸੈ਼ਂਪੇਨ ਨੇ ਆਖਿਆ ਕਿ ਇਸ ਵਾਰੀ ਏਸ਼ੀਆ ਦੇ ਟਰਿੱਪ ਤੇ ਜਦੋਂ ਉਹ ਜਾਣਗੇ ਤਾਂ ਉਹ ਇਹੋ ਆਖਣਗੇ ਕਿ ਉਨ੍ਹਾਂ ਕੋਲ ਉਹ ਸੱਭ ਹੈ ਜੋ ਏਸ਼ੀਆ ਨੂੰ ਚਾਹੀਦਾ ਹੈ।
ਇਸ ਸਬੰਧੀ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਭਾਵੇਂ ਬੈਟਰੀਆਂ ਲਈ ਕੱਚੇ ਮਟੀਰੀਅਲ ਦੀ ਮਾਈਨਿੰਗ ਦੀ ਗੱਲ ਹੋਵੇ ਜਾਂ ਇਸ ਦੇ ਹਿੱਸਿਆਂ ਨੂੰ ਇੱਕਠਾ ਕਰਕੇ ਜੋੜਨ ਦੀ, 30 ਦੇਸ਼ ਅਜਿਹੇ ਹਨ ਜਿਨ੍ਹਾਂ ਦੀ ਇੰਡਸਟਰੀ ਵਿੱਚ ਚੰਗੀ ਪੈਠ ਹੈ।2020 ਦੀ ਦਰਜੇਬੰਦੀ ਵਿੱਚ ਕੈਨੇਡਾ ਚੌਥੇ ਨੰਬਰ ਉੱਤੇ ਆਇਆ ਤੇ 2021 ਵਿੱਚ ਪੰਜਵੇਂ ਨੰਬਰ ਉੱਤੇ ਆਇਆ। 2021 ਵਿੱਚ ਇੱਕ ਪਾਏਦਾਨ ਹੇਠਾਂ ਡਿੱਗਣ ਦਾ ਕਾਰਨ ਮਾਈਨਿੰਗ ਆਊਟਪੁੱਟ ਡਿੱਗਣ ਤੇ ਹੋਰ ਕਈ ਤਰ੍ਹਾਂ ਦੇ ਅੜਿੱਕੇ ਖੜ੍ਹੇ ਹੋਣਾ ਹੈ।
ਪਰ ਕੈਨੇਡਾ ਨੇ ਪਿਛਲੇ 10 ਮਹੀਨਿਆਂ ਵਿੱਚ ਮਿਨਰਲ ਮਾਈਨਿੰਗ ਤੇ ਬੈਟਰੀ ਦੇ ਹਿੱਸਿਆਂ ਦੇ ਉਤਪਾਦਨ, ਇਲੈਕਟ੍ਰਿਕ ਗੱਡੀਆਂ ਦੇ ਉਤਪਾਦਨ ਤੇ ਦੇਸ਼ ਦੀ ਪਹਿਲੀ ਗੀਗਾਫੈਕਟਰੀ ਲਈ 15 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।ਇਸ ਨਾਲ ਕੈਨੇਡਾ ਦੀ ਸਵੀਡਨ, ਜਰਮਨੀ ਤੇ ਅਮਰੀਕਾ ਨਾਲੋਂ ਸਥਿਤੀ ਮਜ਼ਬੂਤ ਹੋਈ ਹੈ।