ਨਵੀਂ ਦਿੱਲੀ:ਕਲਰਜ਼ ਟੀਵੀ ’ਤੇ ਆਉਣ ਵਾਲੇ ਸ਼ੋਅ ਬਿੱਗ ਬਾਸ ਦਾ ਪੰਦਰਵਾਂ ਸੀਜ਼ਨ ਹਾਲ ਹੀ ਵਿੱਚ ਸ਼ੁਰੂ ਹੋਇਆ ਹੈ। ਇਸ ਸ਼ੋਅ ਵਿੱਚ ਸ਼ਾਮਲ ਕੀਤੇ ਜਾਂਦੇ ਪੰਦਰਾਂ ਪ੍ਰਤੀਯੋਗੀਆਂ ਵਿੱਚੋਂ ਇੱਕ ਮਾਡਲ ਤੇ ਰੈਪਰ ਉਮਰ ਰਿਆਜ਼ ਨੇ ਬਿੱਗ ਬਾਸ ਦੇ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮਰਹੂਮ ਟੀਵੀ ਸਟਾਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ। ਉਮਰ ਨੇ ਕਿਹਾ ਕਿ ਸਿਧਾਰਥ ਇੱਕ ਦਮਦਾਰ ਵਿਅਕਤਿਤਵ ਅਤੇ ਚਰਿੱਤਰ ਦਾ ਮਾਲਕ ਸੀ। ਸਿਧਾਰਥ ਨਾਲ ਉਮਰ ਦੀ ਮੁਲਾਕਾਤ ‘ਬਿੱਗ ਬਾਸ-13’ ਦੌਰਾਨ ਹੋਈ ਸੀ, ਜਦੋਂ ਉਸ ਦਾ ਭਰਾ ਆਸਿਮ ਇਸ ਸ਼ੋਅ ਵਿੱਚ ਇਕ ਪ੍ਰਤੀਯੋਗੀ ਸੀ। ਇੱਕ ਹੋਰ ਪ੍ਰਤੀਯੋਗੀ ਮਾਡਲ ਤੇ ਅਦਾਕਾਰ ਸਾਹਿਲ ਸ਼ਰੌਫ਼ ਨੇ ਕਿਹਾ ਕਿ ‘ਬਿੱਗ ਬਾਸ-15’ ਵਿੱਚ ਉਸ ਦਾ ਨਜ਼ਰੀਆ ਬਹੁਤ ਹੀ ਸਾਦਾ, ਸਪਸ਼ਟ ਅਤੇ ਆਪਣੇ ਆਲੇ-ਦੁਆਲੇ ਪ੍ਰਤੀ ਚੇਤੰਨ ਰਹਿਣ ਵਾਲਾ ਰਹੇਗਾ। ਸਾਹਿਲ ਨੇ 2011 ਵਿੱਚ ਆਈ ਸ਼ਾਹਰੁਖ ਖ਼ਾਨ ਦੀ ਫਿਲਮ ‘ਡੌਨ’ ਰਾਹੀਂ ਹਿੰਦੀ ਫਿਲਮ ਜਗਤ ਵਿੱਚ ਪੈਰ ਰੱਖਿਆ ਸੀ। ‘ਬਿੱਗ ਬਾਸ-15’ ਦਾ ਹਿੱਸਾ ਬਣਨ ਬਾਰੇ ਪੁੱਛੇ ਜਾਣ ’ਤੇ ਸਾਹਿਲ ਨੇ ਕਿਹਾ, ‘ਮੈਂ ਇਸ ਸ਼ੋਅ ਵਿੱਚ ਇੱਕ ਪਲ ਕੁਝ ਹੋਰ ਅਤੇ ਦੂਜੇ ਹੀ ਪਲ ਕੁਝ ਹੋਰ ਕਰਨ ਵੱਲ ਕੇਂਦਰਿਤ ਰਹਾਂਗਾ। ਤੁਸੀਂ ਇਸ ਨੂੰ ਮੇਰੀ ਖੇਡ ਰਣਨੀਤੀ ਜਾਂ ਮੇਰਾ ਨਜ਼ਰੀਆ ਵੀ ਕਹਿ ਸਕਦੇ ਹੋ।’ ‘ਬਿੱਗ ਬਾਸ-15’ ਦੀ ਇੱਕ ਹੋਰ ਪ੍ਰਤੀਯੋਗੀ ਮਾਡਲ ਮੀਸ਼ਾ ਅਈਅਰ ਵੀ ਸ਼ਨਿਚਰਵਾਰ ਨੂੰ ਸ਼ੋਅ ਵਿੱਚ ਦਾਖਲ ਹੋ ਗਈ ਹੈ। ਬਿੱਗ ਬਾਸ ਦਾ ਹਿੱਸਾ ਬਣਨ ਨੂੰ ਮਿਸ਼ਾ ਨੇ ਆਪਣੇ ਲਈ ਇੱਕ ਬਹੁਤ ਵੱਡਾ ਮੌਕਾ ਦੱਸਦਿਆਂ ਕਿਹਾ, ‘ਮੈਨੂੰ ਹੈਰਾਨੀ ਹੈ ਕਿ ਕਿਸੇ ਨੂੰ ‘ਬਿੱਗ ਬਾਸ’ ਦਾ ਹਿੱਸਾ ਬਣਨਾ ਕਿਵੇਂ ਪਸੰਦ ਨਹੀਂ ਹੋ ਸਕਦਾ।’ ਉਸ ਨੇ ਕਿਹਾ, ‘ਇਸ ਸ਼ੋਅ ਵੱਲੋਂ ਮੈਨੂੰ ਇੱਕ ਪ੍ਰਤੀਯੋਗੀ ਵਜੋਂ ਸ਼ਾਮਲ ਕਰਨ ਲਈ ਫੋਨ ਜਾਣਾ ਮੇਰੇ ਲਈ ਇੱਕ ਬਹੁਤ ਵੱਡਾ ਮੌਕਾ ਹੈ।’ ਸ਼ਨਿੱਚਰਵਾਰ ਨੂੰ ਹੀ ‘ਬਿੱਗ ਬਾਸ’ ਦੇ ਘਰ ਵਿੱਚ ਟੀਵੀ ਅਕਾਦਾਰ ਵਿਸ਼ਾਲ ਕੋਟੀਆ ਵੀ ਸ਼ਾਮਲ ਹੋਇਆ ਹੈ। ਵਿਸ਼ਾਲ ਨੇ ਇਸ ਤੋਂ ਪਹਿਲਾਂ ‘ਅਕਬਰ ਕਾ ਬਲ ਬੀਰਬਲ’ ਸ਼ੋਲ ਵਿੱਚ ਬੀਰਬਲ ਦਾ ਕਿਰਦਾਰ ਨਿਭਾ ਕੇ ਅਪਾਣੀ ਪਛਾਣ ਕਾਇਮ ਕੀਤੀ ਹੈ। ਵਿਸ਼ਾਲ ਨੇ ਕਿਹਾ, ‘ਮੈਂ ਇਸ ਸ਼ੋਅ ਦੇ ਹਰ ਸੀਜ਼ਨ ਵਿੱਚ ਸ਼ਾਮਲ ਹੋਣਾ ਚਾਹੁੰਦਾ ਸਾਂ, ਪਰ ਮੈਨੂੰ ਇਸ ਸੀਜ਼ਨ ਲਈ ਹੀ ਚੁਣਿਆ ਗਿਆ। ਇਹ ਇੱਕ ਬਹੁਤ ਹੀ ਵੱਡਾ ਸ਼ੋਅ ਹੈ, ਜਿਸ ਨਾਲ ਮੈਨੂੰ ਪੈਸਾ ਅਤੇ ਪ੍ਰਸਿੱਧੀ ਦੋਵੇਂ ਮਿਲਣਗੀਆਂ।’