ਮੁਜ਼ੱਫਰਪੁਰ, 7 ਫਰਵਰੀ

ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਅੱਜ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਦੀ ਅਦਾਲਤ ‘ਚ ‘ਬ੍ਰਾਹਮਣਾਂ’ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਹੈ। ਵਕੀਲ ਸੁਧੀਰ ਕੁਮਾਰ ਓਝਾ ਨੇ ਇਹ ਪਟੀਸ਼ਨ ਮੁਜ਼ੱਫਰਪੁਰ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਉਸ ਨੇ ਐਤਵਾਰ ਨੂੰ ਮੁੰਬਈ ਵਿੱਚ ਭਾਗਵਤ ਦੇ ਸੰਬੋਧਨ ਦੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ, ਜਿੱਥੇ ਉਹ ਸੰਤ ਰਵਿਦਾਸ ਦੀ ਜਯੰਤੀ ਨੂੰ ਮਨਾਉਣ ਲਈ ਸਮਾਗਮ ਵਿੱਚ ਹਿੱਸਾ ਲੈ ਰਹੇ ਸਨ। ਮਰਾਠੀ ਵਿੱਚ ਆਪਣੇ ਸੰਬੋਧਨ ਦੌਰਾਨ ਆਰਐੱਸਐੱਸ ਮੁਖੀ ਨੇ ਹਿੰਦੂ ਸਮਾਜ ਵਿੱਚ ਪ੍ਰਚਲਿਤ ਸਖ਼ਤ ਜਾਤੀਵਾਦ ਲਈ ਪੰਡਿਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਅਦਾਲਤ ਮਾਮਲੇ ਦੀ ਸੁਣਵਾਈ 20 ਫਰਵਰੀ ਨੂੰ ਕਰੇਗੀ।