ਮੁੰਬਈ — ਟੀ. ਵੀ. ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਛਾਈ ਹੋਈ ਹੈ। ਦਰਸਅਲ, ਮੌਨੀ ਨੇ ਆਪਣੀ ਪਹਿਲੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਚੌਥੀ ਫਿਲਮ ਸਾਈਨ ਕਰ ਲਈ ਹੈ। ਰਣਬੀਰ ਕਪੂਰ, ਅਕਸ਼ੈ ਕੁਮਾਰ, ਜੌਨ ਅਬ੍ਰਾਹਮ ਤੋਂ ਬਾਅਦ ਹੁਣ ਉਹ ਰਾਜਕੁਮਾਰ ਰਾਓ ਨਾਲ ਸਕ੍ਰੀਨ ਸ਼ੇਅਰ ਕਰੇਗੀ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਮੌਨੀ ਦੀ ਚੌਥੀ ਫਿਲਮ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, ”ਮੌਨੀ ਰਾਏ ਕਾਮੇਡੀ ਫਿਲਮ ‘ਮੇਡ ਇਨ ਚਾਈਨਾ’ ‘ਚ ਰਾਜਕੁਮਾਰ ਰਾਓ ਦੀ ਪਤਨੀ ਦਾ ਕਿਰਦਾਰ ਨਿਭਾਵੇਗੀ। ਫਿਲਮ ਦਾ ਨਿਰਦੇਸ਼ਨ ਮਿਖਿਲ ਮੁਸੇਲ ਕਰੇਗਾ, ਜਦਕਿ ਦਿਨੇਸ਼ ਵਿਜਾਨ ਪ੍ਰੋਡਿਊਸ ਕਰਨਗੇ। ਫਿਲਮ ਦੀ ਸ਼ੂਟਿੰਗ 2018 ਤੋਂ ਮੁੰਬਈ ‘ਚ ਸ਼ੁਰੂ ਹੋਵੇਗੀ, ਇਸ ਦੀ ਸ਼ੂਟਿੰਗ ਗੁਜਰਾਤ ਅਤੇ ਚੀਨ ‘ਚ ਹੋਵੇਗੀ”।

ਦੱਸਣਯੋਗ ਹੈ ਕਿ ਮੌਨੀ ਦੇ ਸਿਤਾਰੇ ਬੁਲੰਦੀਆਂ ‘ਤੇ ਹਨ। ਉਹ ਜਲਦ ਹੀ ਫਿਲਮ ‘ਗੋਲਡ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ ‘ਚ ਉਸਦੇ ਆਪੋਜ਼ਿਟ ਅਕਸ਼ੈ ਕੁਮਾਰ ਹਨ। ਇਸ ਤੋਂ ਇਲਾਵਾ ਉਹ ਮਲਟੀਸਟਾਰਰ ਫਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਵੇਗੀ। ਉੱਥੇ ਹੀ ਉਹ ਜੌਨ ਅਬ੍ਰਾਹਮ ਦੀ ਫਿਲਮ ‘ਰਾ’ (ਰੋਮਿਓ ਅਕਬਰ ਵਾਲਟਰ) ‘ਚ ਨਜ਼ਰ ਆਵੇਗੀ।