ਲੰਡਨ:ਫਿਲਮ ‘ਦਿ ਪਾਵਰ ਆਫ ਦਿ ਡਾਗ’ ਨੇ ਇਸ ਸਾਲ ਦੇ ‘ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਐਵਾਰਡਜ਼’ (ਬਾਫਟਾ) ਵਿੱਚ ‘ਸਰਬੋਤਮ ਫਿਲਮ’ ਸਮੇਤ ਹੋਰ ਕਈ ਐਵਾਰਡ ਜਿੱਤੇ। ਅਦਾਕਾਰ ਅਤੇ ਕਾਮੇਡੀਅਨ ਰੈਬੇਲ ਵਿਲਜ਼ ਨੇ ਰਾਇਲ ਐਲਬਰਟ ਹਾਲ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਮੇਜ਼ਬਾਨੀ ਕੀਤੀ। ਭਾਰਤ ਵਿੱਚ ਸੋਨੀ ਲਿਵ ’ਤੇ ਇਸ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ। ਮੰਚ ’ਤੇ ਸਰਬੋਤਮ ਫਿਲਮ ਦਾ ਪੁਰਸਕਾਰ ਦੇਣ ਆਏ ‘ਦਿ ਬੈਟਮੈਨ’ ਦੇ ਅਦਾਕਾਰ ਐਂਡੀ ਸਰਕਿਸ ਨੇ ਜੇਤੂ ਫਿਲਮ ਦਾ ਐਲਾਨ ਕਰਨ ਤੋਂ ਪਹਿਲਾਂ ਅਫਗਾਨਿਸਤਾਨ ਅਤੇ ਯੂਕਰੇਨ ਦੇ ਸ਼ਰਨਾਰਥੀਆਂ ਨਾਲ ਹੋ ਰਹੇ ਭੇਦਭਾਵ ਲਈ ਸਰਕਾਰ ’ਤੇ ਨਿਸ਼ਾਨਾ ਸੇਧਿਆ।

ਫਿਲਮ ‘ਦਿ ਪਾਵਰ ਆਫ ਦਿ ਡਾਗ’ ਦੇ ਨਿਰਦੇਸ਼ਕ ਜੇਨ ਕੈਂਪੀਅਨ ਨੂੰ ‘ਸਰਬੋਤਮ ਨਿਰਦੇਸ਼ਕ ਦਾ ਐਵਾਰਡ’ ਦਿੱਤਾ ਗਿਆ। ਕਾਮੇਡੀ-ਡਰਾਮਾ ਫਿਲਮ ‘ਕੋਡਾ’ ਦੇ ਅਦਾਕਾਰ ਕੋਟਸਰ ਟਰਾਏ ਨੂੰ ‘ਸਰਬੋਤਮ ਸਹਾਇਕ ਅਦਾਕਾਰ’ ਦਾ ਐਵਾਰਡ ਮਿਲਿਆ। ਕੋਟਸਰ ਪਹਿਲਾ ਅਜਿਹਾ ਸੁਣ ਨਾ ਸਕਣ ਵਾਲਾ ਅਦਾਕਾਰ ਹੈ, ਜਿਸ ਨੇ ਐੱਸਏਜੀ ਐਵਾਰਡਜ਼ ਦੇ ਇਤਿਹਾਸ ਵਿੱਚ ਵਿਅਕਤੀਗਤ ਐਵਾਰਡ ਜਿੱਤਿਆ ਹੋਵੇ। ਇਸੇ ਤਰ੍ਹਾਂ ਉਸ ਨੇ ‘ਬਾਫਟਾ’ ਐਵਾਰਡਜ਼ ਵਿੱਚ ਵੀ ਇਤਿਹਾਸ ਰਚਿਆ ਹੈ। ਡੈਨਿਸ ਵਿਲੇਨਿਊਵ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਡਿਊਨ’ ਨੇ ਪੰਜ ਤਕਨੀਕੀ ਸ਼੍ਰੇਣੀਆਂ ਵਿੱਚ ਪੰਜ ਐਵਾਰਡ ਜਿੱਤੇ। ‘ਕਿੰਗ ਰਿਚਰਡ’ ਲਈ ਮਸ਼ਹੂਰ ਵਿੱਲ ਸਮਿੱਥ ਨੇ ‘ਸਰਬੋਤਮ ਅਦਾਕਾਰ’ ਅਤੇ ਜੋਆਨਾ ਸਕੈਨਲਨ ਨੂੰ ‘ਆਫਟਰ ਲਵ’ ਲਈ ‘ਸਰਬੋਤਮ ਅਦਾਕਾਰ’ ਚੁਣਿਆ ਗਿਆ। ਇਸੇ ਤਰ੍ਹਾਂ ਕੁਐਸਟਲਵ ਵੱਲੋਂ ਨਿਰਦੇਸ਼ਕ ‘ਸਮਰ ਆਫ ਸੋਲ’ ਸਰਬੋਤਮ ਦਸਤਾਵੇਜ਼ੀ ਚੁਣੀ ਗਈ।