ਮੁੰਬਈ, 21 ਅਕਤੂਬਰ

ਬਾਲੀਵੁੱਡ ਦਾ ‘ਬਾਦਸ਼ਾਹ’ ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਅੱਜ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਆਪਣੇ ਬੇਟੇ ਆਰੀਅਨ ਖ਼ਾਨ ਨਾਲ ਮੁਲਾਕਾਤ ਕੀਤੀ। ਮੁੰਬਈ ਤੱਟ ਤੋਂ ਕਰੂਜ਼ ਤੋਂ ਜ਼ਬਤ ਕੀਤੇ ਗਏ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਆਰੀਅਨ ਖ਼ਾਨ ਇੱਥੋਂ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹਰੁਖ ਸਵੇਰੇ 9 ਵਜੇ ਦੇ ਕਰੀਬ ਮੁੰਬਈ ਸੈਂਟਰਲ ਦੀ ਜੇਲ੍ਹ ਪਹੁੰਚਿਆ ਅਤੇ ਸਵੇਰੇ 9.35 ਵਜੇ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਨੇ ਅਹਾਤੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਦਾਕਾਰ ਦਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਵੇਖੇ। ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਟੋਕਨ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਮਿਲਣ ਦੇ ਯੋਗ ਹੋ ਗਿਆ। ਆਰੀਅਨ ਆਮ ਜੇਲ੍ਹ ਦੀ ਕੋਠੜੀ ਵਿੱਚ ਅੰਡਰ ਟ੍ਰਾਇਲ ਕੈਦੀ ਵਜੋਂ ਬੰਦ ਹੈ। ਜੇਲ੍ਹ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਾਹਰੁਖ ਖਾਨ ਨੇ ਆਪਣੇ ਬੇਟੇ ਨਾਲ 15 ਤੋਂ 20 ਮਿੰਟ ਬਿਤਾਏ। ਦੋਵਾਂ ਵਿਚਾਲੇ ਇੱਕ ਸ਼ੀਸ਼ਾ ਸੀ ਅਤੇ ਉਨ੍ਹਾਂ ਨੇ ‘ਇੰਟਰਕਾਮ’ ’ਤੇ ਗੱਲ ਕੀਤੀ। ਗੱਲਬਾਤ ਦੌਰਾਨ ਚਾਰ ਸੁਰੱਖਿਆ ਕਰਮਚਾਰੀ ਉੱਥੇ ਮੌਜੂਦ ਸਨ।