ਬਲੀਆ (ਯੂ.ਪੀ਼.), ਅਭਿਨੇਤਰੀ ਸਨੀ ਲਿਓਨੀ ਬੇਸ਼ੱਕ ਮੁੰਬਈ ਰਹਿੰਦੀ ਹੋਵੇ, ਪਰ ਉਸ ਦੀ ਮੌਜੂਦਗੀ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੀ ਵੋਟਰ ਸੂਚੀ ’ਚ ਦਰਜ ਹੋ ਗਈ ਹੈ। ਇਹੀ ਨਹੀਂ ਹਾਥੀ, ਹਿਰਨ ਤੇ ਕਬੂਤਰ ਦੀਆਂ ਤਸਵੀਰਾਂ ਵੀ ਇਸ ਸੂਚੀ ’ਚ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਬਣਾਈ ਜਾ ਰਹੀ ਵੋਟਰ ਸੂਚੀ ’ਚ ਇਸ ਗੰਭੀਰ ਗੜਬੜੀ ਦੇ ਖੁਲਾਸੇ ਤੋਂ ਬਾਅਦ ਸਬੰਧਤ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਸੇਵਾ ਖਤਮ ਕਰਨ ਦੀ ਸਿਫਾਰਸ਼ ਕੀਤੀ ਹੈ। ਜ਼ਿਲ੍ਹਾ ਅਧਿਕਾਰੀ ਮਨੋਜ ਕੁਮਾਰ ਸਿੰਘਲ ਨੇ ਦੱਸਿਆ ਕਿ ਡੇਟਾ ਅਪਰੇਟਰ ਵਿਸ਼ਣੂ ਸ਼ਰਮਾ ਨੇ ਆਪਣੀ ਬਦਲੀ ਤੋਂ ਨਿਰਾਸ਼ ਹੋ ਕੇ ਬਲੀਆ ਨਗਰ ਵਿਧਾਨ ਸਭਾ ਖੇਤਰ ਦੀ ਵੋਟਰ ਸੂਚੀ ’ਚ ਸੱਤ ਵਿਅਕਤੀਆਂ ਦੇ ਨਾਂ ਨਾਲ ਗੜਬੜੀ ਕਰਦਿਆਂ ਵੋਟਰਾਂ ਦੀ ਫੋਟੋ ਦੀ ਥਾਂ ਸਨੀ ਲਿਓਨੀ, ਹਾਥੀ, ਮੋਰ ਤੇ ਕਬੂਤਰ ਦੀ ਫੋਟੋ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਦੁਰਗਾਵਤੀ ਸਿੰਘ ਦੇ ਨਾਂ ਦੇ ਸਾਹਮਣੇ ਸਨੀ ਲਿਓਨੀ ਦੀ ਫੋਟੋ ਲਗਾ ਦਿੱਤੀ। ਇਸੇ ਤਰ੍ਹਾਂ ਅਖਿਲੇਸ਼ ਯਾਦਵ ਸਰਕਾਰ ’ਚ ਮੰਤਰੀ ਰਹੇ ਨਾਰਦ ਰਾਏ ਦੀ ਥਾਂ ਹਾਥੀ, ਕੁੰਵਰ ਅੰਕੁਰ ਸਿੰਘ ਦੇ ਨਾਂ ਅੱਗੇ ਹਿਰਨ ਅਤੇ ਕੁੰਵਰ ਗੌਰਵ ਦੇ ਨਾਂ ਅੱਗੇ ਕਬੂਤਰ ਦੀ ਫੋਟੋ ਲਗਾ ਦਿੱਤੀ। ਵੋਟਰ ਸੂਚੀ ’ਚ ਇਸ ਗੜਬੜੀ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਦੇ ਕੇ ਗਲਤੀ ਨੂੰ ਠੀਕ ਕਰ ਲਿਆ ਗਿਆ ਹੈ।