ਲੰਡਨ, 8 ਜੁਲਾਈ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ। ਉਂਜ ਨਵੇਂ ਆਗੂ ਦੀ ਚੋਣ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣਗੇ। ਉਪਰੋਥਲੀ ਕਈ ਘੁਟਾਲੇ ਸਾਹਮਣੇ ਆਉਣ ਮਗਰੋਂ ਜੌਹਨਸਨ ਸਰਕਾਰ ਵਿਚਲੇ ਕਈ ਮੰਤਰੀ ਅਸਤੀਫੇ ਦੇ ਕੇ ਉਨ੍ਹਾਂ ਦਾ ਸਾਥ ਛੱਡ ਗਏ ਸਨ। ਜੌਹਨਸਨ ਦੇ ਅਸਤੀਫ਼ੇ ਨਾਲ ਉਨ੍ਹਾਂ ਦੇ ਜਾਨਸ਼ੀਨ ਨਵੇਂ ਟੋਰੀ ਲੀਡਰ ਦੀ ਭਾਲ ਸ਼ੁਰੂ ਹੋ ਜਾਵੇਗੀ। ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਅਕਤੂਬਰ ਮਹੀਨੇ ਲਈ ਤਜਵੀਜ਼ਤ ਹੈ, ਜਿਸ ਵਿੱਚ ਨਵੇਂ ਆਗੂ ਦੀ ਚੋਣ ਦਾ ਅਮਲ ਸਿਰੇ ਚੜ੍ਹੇਗਾ। ਲਿਹਾਜ਼ਾ ਜੌਹਨਸਨ ਉਦੋਂ ਤੱਕ 10 ਡਾਊਨਿੰਗ ਸਟਰੀਟ (ਸਰਕਾਰੀ ਰਿਹਾਇਸ਼) ਵਿੱਚ ਬਣੇ ਰਹਿਣਗੇ। ਉਂਜ ਇਰਾਨੀ ਮੂਲ ਦਾ ਮੰਤਰੀ ਨਦੀਮ ਜ਼ਾਹਾਵੀ, ਵਿਦੇਸ਼ ਮੰਤਰੀ ਲਿਜ਼ ਟਰੱਸ, ਸਾਬਕਾ ਚਾਂਸਲਰ ਰਿਸ਼ੀ ਸੂਨਕ ਤੇ ਸਾਬਕਾ ਸਿਹਤ ਮੰਤਰੀ ਸਾਜਿਦ ਜਾਵੇਦ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਹੋਰ ਦਾਅਵੇਦਾਰਾਂ ਵਿੱਚ ਭਾਰਤੀ ਮੁੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਤੇ ਰੱਖਿਆ ਮੰਤਰੀ ਬੈੱਨ ਵਾਲੇਸ ਦੇ ਨਾਂ ਵੀ ਚਰਚਾ ਵਿੱਚ ਹਨ।
ਇਥੇ ਆਪਣੀ ਸਰਕਾਰੀ ਰਿਹਾਇਸ਼ ਦੇ ਬਾਹਰ ਅਸਤੀਫ਼ੇ ਦਾ ਐਲਾਨ ਕਰਦਿਆਂ ਜੌਹਨਸਨ ਨੇ (ਅਸਤੀਫ਼ੇ ਲਈ) ਆਪਣੀ ਪਾਰਟੀ ਦੀ ‘ਝੁੰਡ ਵਾਲੀ ਪ੍ਰਵਿਰਤੀ’ ਸਿਰ ਦੋਸ਼ ਮੜਿਆ। ਜੌਹਨਸਨ ਨੇ ‘ਵਿਸ਼ਵ ਦੀ ਸਭ ਤੋਂ ਵਧੀਆ ਜੌਬ’ ਤੋਂ ਅਸਤੀਫ਼ਾ ਦੇਣ ਲਈ ਨਿਰਾਸ਼ਾ ਜ਼ਾਹਿਰ ਕੀਤੀ। ਜੌਹਨਸਨ ਨੇ ਆਪਣੀ ਤਕਰੀਰ ਵਿੱਚ ਕਿਹਾ, ‘‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਵਿਸ਼ਵ ਦੀ ਇਹ ਸਭ ਤੋਂ ਵਧੀਆ ਨੌਕਰੀ ਛੱਡ ਕੇ ਮੈਂ ਕਿੰਨਾ ਉਦਾਸ ਹਾਂ।’’ ਜੌਹਨਸਨ 6 ਮਿੰਟਾਂ ਦੀ ਆਪਣੀ ਤਕਰੀਰ ਨੂੰ ਪੜ੍ਹਦਿਆਂ ਭਾਵੁਕ ਵੀ ਹੋਏ। ਉਨ੍ਹਾਂ ਕਿਹਾ, ‘‘ਹੁਣ ਇਹ ਸਾਫ਼ ਹੋ ਗਿਆ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਨਵਾਂ ਆਗੂ ਤੇ ਨਵਾਂ ਪ੍ਰਧਾਨ ਮੰਤਰੀ ਚਾਹੁੰਦੇ ਹਨ।’’ ਉਨ੍ਹਾਂ ਕਿਹਾ, ‘‘ਮੈਂ ਸਾਡੇ ਸੰਸਦ ਮੈਂਬਰਾਂ ਦੇ ਚੇਅਰਮੈਨ ਸਰ ਗ੍ਰਾਹਮ ਬਰੈਡੀ ਨਾਲ ਇਸ ਗੱਲੋਂ ਸਹਿਮਤ ਹਾਂ ਕਿ ਨਵੇਂ ਆਗੂ ਦੀ ਚੋਣ ਲਈ ਅਮਲ ਸ਼ੁਰੂ ਹੋਣਾ ਚਾਹੀਦਾ ਹੈ ਤੇ ਇਸ ਲਈ ਸਮਾਂ-ਸਾਰਣੀ ਅਗਲੇ ਹਫ਼ਤੇ ਐਲਾਨ ਦਿੱਤੀ ਜਾਵੇਗੀ। ਜਦੋਂ ਤੱਕ ਨਵੇਂ ਆਗੂ ਦੀ ਚੋਣ ਨਹੀਂ ਹੁੰਦੀ, ਮੈਂ ਕੰਮ ਚਲਾਉਣ ਲਈ ਕੈਬਨਿਟ ਨਿਯੁਕਤ ਕਰ ਦਿੱਤੀ ਹੈ।’’ਜੌਹਨਸਨ ਨੇ 2019 ਦੀਆਂ ਆਮ ਚੋਣਾਂ ਵਿੱਚ ਮਿਲੇ ‘ਬੇਮਿਸਾਲ ਬਹੁਮੱਤ’ ਦੀ ਗੱਲ ਕਰਦਿਆਂ ਕਿਹਾ ਕਿ ‘ਇਹੀ ਵਜ੍ਹਾ ਹੈ ਕਿ ਮੈਂ ਪਿਛਲੇ ਕੁਝ ਦਿਨਾਂ ਦੌਰਾਨ ਆਪਣਾ ਪੂਰਾ ਤਾਣ ਲਾ ਕੇ ਲੜਿਆ ਤਾਂ ਕਿ ਉਸ ਬਹੁਮੱਤ ਲਈ ਖਰਾ ਉਤਰ ਸਕਾਂ।’’ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਾਲ 2019 ਵਿੱਚ ਅਸੀਂ ਜਿਹੜੇ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਕਰਨ ਲਈ ਇਹ ਮੇਰਾ ਕੰਮ, ਮੇਰਾ ਫ਼ਰਜ਼ ਤੇ ਮੇਰੀ ਜ਼ਿੰਮੇਵਾਰੀ ਸੀ।’’ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਨਾਟਕੀ ਘਟਨਾਕ੍ਰਮ ਦੇ ਹਵਾਲੇ ਨਾਲ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਆਪਣੇ ਸਾਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇੰਨੇ ‘ਵਿਸ਼ਾਲ ਬਹੁਮੱਤ’ ਨਾਲ ਬਣੀਆਂ ਸਰਕਾਰਾਂ ਨੂੰ ਬਦਲਣਾ ‘ਬੇਨਿਯਮਾ’ ਹੈ, ਉਹ ਵੀ ਅਜਿਹੇ ਮੌਕੇ ਜਦੋਂ ਟੋਰੀਜ਼ ਚੋਣਾਂ ਵਿੱਚ ‘ਕੁਝ ਮੁੱਠੀਭਰ ਨੁਕਤਿਆਂ’ ਨੂੰ ਲੈ ਕੇ ਚੋਣਾਂ ਵਿੱਚ ਪਿੱਛੇ ਹਨ ਤੇ ਜਦੋਂ ਘਰੇਲੂ ਤੇ ਕੌਮਾਂਤਰੀ ਪੱਧਰ ’ਤੇ ਆਰਥਿਕ ਹਾਲਾਤ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ, ‘‘ਜਿਵੇਂ ਕਿ ਅਸੀਂ ਵੈੈਸਟਮਿੰਸਟਰ ਵਿੱਚ ਵੇਖਿਆ ਹੈ, ਝੁੰਡ ਵਾਲੀ ਪ੍ਰਵਿਰਤੀ ਤਾਕਤਵਾਰ ਹੈ ਤੇ ਜਦੋਂ ਸਮੂਹ ਪ੍ਰਵਿਰਤੀ ਤੁਰਦੀ ਹੈ, ਇਹ ਤੁਰੀ ਜਾਂਦੀ ਹੈ ਤੇ ਮੇਰੇ ਦੋਸਤੋ ਸਿਆਸਤ ਵਿੱਚ ਤੁਸੀਂ ਕਿਸੇ ਨੂੰ ਵੀ ਬਹੁਤਾ ਚਿਰ ਨਹੀਂ ਛੱਡ ਸਕਦੇ ਤੇ ਸਾਡਾ ਉੱਘਾ ਡਾਰਵਿਨੀਅਨ ਪ੍ਰਬੰਧ ਇਕ ਹੋਰ ਆਗੂ ਪੈਦਾ ਕਰੇਗਾ, ਜੋ ਇਨ੍ਹਾਂ ਮੁਸ਼ਕਲ ਸਮਿਆਂ ਵਿੱਚ ਦੇਸ਼ ਨੂੰ ਅੱਗੇ ਲਿਜਾਣ ਲਈ ਓਨਾ ਹੀ ਵਚਨਬੱਧ ਹੋਵੇਗਾ।’’ ਜੌਹਨਸਨ ਦੇ ਅਸਤੀਫ਼ੇ ਨਾਲ ਕੰਜ਼ਰਵੇਟਿਵ ਪਾਰਟੀ ਵਿੱਚ ਲੀਡਰਸ਼ਿਪ ਦੀ ਲੜਾਈ ਛਿੜਨ ਦੇ ਆਸਾਰ ਹਨ।