ਅੱਜ ਫਿਰ ਠੰਢ ਬੜੀ ਪੈ ਰਹੀ ਸੀ। ਜੈਸਲੀਨ ਅਤੇ ਯਸ਼ਵੀਰ ਪਹਿਲਾਂ ਤਾਂ ਬੜੀ ਦੇਰ ਤਕ ਬਾਹਰ ਖੇਡਦੇ ਰਹੇ, ਪਰ ਜਦੋਂ ਉਨ੍ਹਾਂ ਦੀ ਮੰਮੀ ਨੇ ਆਵਾਜ਼ ਦੇ ਕੇ ਕਿਹਾ, ‘ਬੱਚਿਓ ! ਅੱਜ ਬਹੁਤ ਠੰਢ ਹੈ, ਛੇਤੀ ਨਾਲ ਰੋਟੀ ਖਾ ਕੇ ਰਜਾਈ ਵਿੱਚ ਵੜ ਜਾਓ। ਬੱਚਿਆਂ ਨੇ ਅੰਦਰ ਆ ਕੇ ਜਲਦੀ ਜਲਦੀ ਰੋਟੀ ਖਾਧੀ ਅਤੇ ਫਿਰ ਦਾਦਾ ਜੀ ਦੀ ਰਜਾਈ ਵਿੱਚ ਜਾ ਵੜੇ।
ਜੈਸਲੀਨ ਨੇ ਕਿਹਾ, ‘ਦਾਦਾ ਜੀ! ਤੁਸੀਂ ਦੱਸਿਆ ਸੀ ਕਿ ਭਗਤ ਕਬੀਰ ਜੀ ਬਨਾਰਸ ਵਿੱਚ ਰਹਿੰਦੇ ਸਨ, ਪਰ ਬਨਾਰਸ ਤਾਂ ਠੱਗਾਂ ਲਈ ਬਹੁਤ ਮਸ਼ਹੂਰ ਸੀ ਅਤੇ ਅੱਜ ਵੀ ਉਹ ਬਨਾਰਸੀ ਠੱਗ ਕਰਕੇ ਜਾਣੇ ਜਾਂਦੇ ਹਨ। ਭਗਤ ਕਬੀਰ ਜੀ ਦਾ ਇਨ੍ਹਾਂ ਠੱਗਾਂ ਨਾਲ ਵੀ ਵਾਸਤਾ ਪਿਆ ਹੋਵੇਗਾ? ਜੈਸਲੀਨ ਦੀ ਗੱਲ ਸੁਣ ਦਾਦਾ ਜੀ ਨੇ ਕਿਹਾ,‘ਹਾਂ ਬੱਚਿਓ! ਜੈਸਲੀਨ ਦੀ ਗੱਲ ਬਿਲਕੁਲ ਦਰੁਸਤ ਹੈ। ਬਨਾਰਸ ਦੇ ਠੱਗ ਬੜੇ ਮਸ਼ਹੂਰ ਰਹੇ ਹਨ। ਉਹ ਕਈ ਤਰ੍ਹਾਂ ਦੇ ਭੇਸ ਬਦਲ ਕੇ ਲੋਕਾਂ ਨੂੰ ਲੁੱਟਦੇ ਰਹਿੰਦੇ ਸਨ, ਕਦੇ ਕੋਈ ਪੰਡਿਤ ਬਣ ਜਾਂਦਾ, ਕਦੇ ਜੋਤਸ਼ੀ ਜਾਂ ਫਿਰ ਕਦੇ ਸੌਦਾਗਰ ਬਣ ਜਾਂਦੇ ਹਨ। ਅਜਿਹਾ ਹੀ ਇੱਕ ਠੱਗ ਸੀ ਜਿਸਦਾ ਨਾਂ ਸੀ ਗੰਗਾਧਰ। ਉਸ ਦਾ ਭਗਤ ਕਬੀਰ ਜੀ ਨਾਲ ਵਾਸਤਾ ਪਿਆ ਸੀ।
ਯਸ਼ਵੀਰ ਤੁਰੰਤ ਬੋਲ ਪਿਆ, ‘ਹਾਂ ਦਾਦਾ ਜੀ ਸਾਨੂੰ ਗੰਗਾਧਰ ਠੱਗ ਦੀ ਕਹਾਣੀ ਸੁਣਾਓ। ਤਾਂ ਦਾਦਾ ਜੀ ਨੇ ਕਹਾਣੀ ਸ਼ੁਰੂ ਕਰਦੇ ਹੋਏ ਕਿਹਾ, ‘ਹਾਂ ਬੱਚਿਓ! ਗੰਗਾਧਰ ਦੀ ਠੱਗੀ ਮਾਰਦਿਆਂ ਉਮਰ ਬੀਤ ਚੁੱਕੀ ਸੀ, ਪਰ ਫਿਰ ਵੀ ਉਹ ਠੱਗੀ ਮਾਰਨ ਤੋਂ ਨਹੀਂ ਸੀ ਹਟਦਾ। ਇੱਕ ਦਿਨ ਉਸਨੇ ਇੱਕ ਸਾਧੂ ਦਾ ਭੇਸ ਬਣਾ ਕੇ ਇੱਕ ਵਿਧਵਾ ਔਰਤ ਦੇ ਘਰ ਠੱਗੀ ਮਾਰਨ ਦਾ ਯਤਨ ਕੀਤਾ। ਵਿਧਵਾ ਵੱਲੋਂ ਰੌਲਾ ਪਾਉਣ ’ਤੇ ਜੋ ਉਸਦੇ ਹੱਥ ਧਨ ਜਾਂ ਜੇਵਰ ਲੱਗੇ, ਉਹ ਉਨ੍ਹਾਂ ਨੂੰ ਪੋਟਲੀ ਵਿੱਚ ਪਾ ਕੇ ਦੌੜ ਗਿਆ। ਔਰਤ ਦਾ ਰੌਲਾ ਸੁਣ ਲੋਕ ਠੱਗ ਦੇ ਪਿੱਛੇ ਦੌੜੇ।
ਯਸ਼ਵੀਰ ਨੇ ਫਿਰ ਪੁੱਛਿਆ, ‘ਕੀ, ਉਹ ਠੱਗ ਫੜਿਆ ਗਿਆ। ਜੇ ਫੜਿਆ ਗਿਆ ਤਾਂ ਲੋਕਾਂ ਨੇ ਖ਼ੂਬ ਕੁੱਟਿਆ ਹੋਵੇਗਾ? ਦਾਦਾ ਜੀ ਹੱਸ ਪਏੇ ਅਤੇ ਕਹਾਣੀ ਜਾਰੀ ਰੱਖਦੇ ਹੋਏ ਬੋਲੇ, ‘ਨਹੀਂ, ਨਹੀਂ ਗੰਗਾਧਰ ਫੜਿਆ ਨਹੀਂ ਗਿਆ ਕਿਉਂਕਿ ਉਹ ਬਹੁਤ ਤੇਜ਼ ਦੌੜਦਾ ਸੀ ਅਤੇ ਉਹ ਬਚ ਨਿਕਲ ਕੇ ਕਬੀਰ ਜੀ ਦੇ ਸਤਿਸੰਗ ਵਿੱਚ ਸ਼ਰਧਾਲੂ ਬਣ ਕੇ ਬੈਠ ਗਿਆ। ਉਹ ਅੰਦਰੋਂ ਬਹੁਤ ਡਰਿਆ ਹੋਇਆ ਸੀ, ਪਰ ਕਬੀਰ ਜੀ ਸਮਝ ਗਏ ਕਿ ਸਾਧੁੂ ਦੇ ਭੇਸ ਵਿੱਚ ਠੱਗ ਗੰਗਾਧਰ ਬੈਠਾ ਹੈ ਤਾਂ ਉਨ੍ਹਾਂ ਜਾਣ ਬੁੱਝ ਕੇ ਅਜਿਹਾ ਪ੍ਰਸੰਗ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਮੂਰਖ ਮਨੁੱਖ ਚੋਰੀ, ਡਕੈਤੀ ਤੇ ਖ਼ੂਨ ਖਰਾਬੇ ਕਰਕੇ ਧਨ ਲੁੱਟਦਾ ਹੈ ਅਤੇ ਆਪਣੇ ਪਰਿਵਾਰ ਨੂੰ ਦੇ ਦਿੰਦਾ ਹੈ, ਪਰ ਪਰਮਾਤਮਾ ਦੇ ਘਰ ਤਾਂ ਉਸ ਇਕੱਲੇ ਦਾ ਲੇਖਾ ਹੋਣਾ ਹੈ ਤੇ ਪਰਿਵਾਰ ਦੇ ਕਿਸੇ ਜੀਅ ਨੇ ਨਾਲ ਨਹੀਂ ਜਾਣਾ ਤਾਂ ਉਸ ਇਕੱਲੇ ਨੂੰ ਹੀ ਸਜ਼ਾ ਭੁਗਤਣੀ ਪੈਣੀ ਹੈ। ਇੰਨਾ ਕਹਿ  ਦਾਦਾ ਜੀ ਚੁੱਪ ਕਰ ਗਏ। ਪਰ ਬੱਚੇ ਅੱਗੇ ਸੁਣਨ ਲਈ ਕਾਹਲੇ ਪੈ ਗਏ ਤਾਂ ਜੈਸਲੀਨ ਨੇ ਪੁੱਛਿਆ, ‘ਦਾਦਾ ਜੀ, ਫਿਰ ਠੱਗ ਦਾ ਕੀ ਬਣਿਆ? ਹੁਣ ਦਾਦਾ ਜੀ ਨੇ ਫਿਰ ਕਹਾਣੀ ਸ਼ੁਰੂ ਕਰਦੇ ਹੋਏ ਕਿਹਾ, ‘ਬੱਚਿਓ! ਜਿਹੜੇ ਲੋਕ ਗੰਗਾਧਰ ਨੂੰ ਫੜਨ ਲਈ ਪਿੱਛੇ ਦੌੜੇ ਸਨ, ਉਨ੍ਹਾਂ ਨੇ ਸੋਚਿਆ ਤਕ ਵੀ ਨਹੀਂ ਕਿ ਉਹ ਕਬੀਰ ਦੇ ਸਤਿਸੰਗ ਵਿੱਚ ਵੀ ਹੋ ਸਕਦਾ ਹੈ ਅਤੇ ਉਹ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਉੱਧਰ ਕਬੀਰ ਦੇ ਬੋਲਾਂ ਨੇ ਉਸ ਠੱਗ ਦਾ ਸਾਰਾ ਮਨ ਧੋ ਦਿੱਤਾ ਅਤੇ ਉਸ ਨੂੰ ਸਮਝ ਆ ਗਈ ਕਿ ਚੋਰੀ, ਠੱਗੀ ਅਤੇ ਖ਼ੂਨ ਖਰਾਬੇ ਕਰਕੇ ਕਮਾਇਆ ਧਨ ਪਰਿਵਾਰ ਲਈ ਪਾਪ ਹੈ। ਉਹ ਸਤਿਸੰਗ ਤੋਂ ਬਾਅਦ ਕਬੀਰ ਜੀ ਦੇ ਚਰਨਾਂ ਵਿੱਚ ਪੈ ਕੇ ਮੁਆਫ਼ੀ ਮੰਗਣ ਲੱਗਾ ਅਤੇ ਵਿਧਵਾ ਦੇ ਘਰੋਂ ਚੋਰੀ ਕੀਤਾ ਧਨ ਅਤੇ ਜੇਵਰ ਕਬੀਰ ਜੀ ਅੱਗੇ ਰੱਖ ਦਿੱਤੇ।
ਕਬੀਰ ਜੀ ਨੇ ਉਸਨੂੰ ਹੋਰ ਕੀ ਸਿੱਖਿਆ ਦਿੱਤੀ। ਯਸ਼ਵੀਰ ਨੇ ਪੁੱਛਿਆ। ਦਾਦਾ ਜੀ ਨੇ ਕਹਾਣੀ ਜਾਰੀ ਰੱਖੀ ਅਤੇ ਕਿਹਾ, ‘ਪੁੱਤਰ! ਚੋਰੀ ਕਰਨਾ ਪਾਪ ਹੈ। ਕਿਸੇ ਦੀ ਹੱਤਿਆ ਅਤੇ ਠੱਗੀ ਮਨੁੱਖ ਨੂੰ ਇਨਸਾਨ ਤੋਂ ਹੈਵਾਨ ਬਣਾਉਂਦੇ ਹਨ। ਮਨੁੱਖ ਨੂੰ ਵਾਹਿਗੁਰੂ ਜਾਂ ਰਾਮ ਦਾ ਨਾਮ ਜਪ ਕੇ ਭਲੇ ਕੰਮ ਕਰਨੇ ਚਾਹੀਦੇ ਹਨ। ਕਿਸੇ ਦਾ ਦਿਲ ਦੁਖਾਉਣਾ ਸਭ ਤੋਂ ਵੱਡਾ ਅਧਰਮ ਹੈ। ਨੇਕੀ ਕਰਕੇ ਮਨੁੱਖ ਪਰਮਾਤਮਾ ਦੇ ਨੇੜੇ ਜਾਂਦਾ ਹੈ। ਇਸ ਤਰ੍ਹਾਂ ਕਬੀਰ ਜੀ ਨੇ ਉਸ ਠੱਗ ਨੂੰ ਠੱਗੀ ਤੋਂ ਹਟਾ ਕੇ ਨਾਮ ਸਿਮਰਨ ਅਤੇ ਸ਼ੁਭ ਕੰਮ ਕਰਨ ਲਈ ਪ੍ਰੇਰਿਆ ਅਤੇ ਉਸਨੇ ਵੀ ਠੱਗੀ ਛੱਡ, ਸਾਰਾ ਲੁੱਟਿਆ ਧਨ ਉਸ ਵਿਧਵਾ ਔਰਤ ਨੂੰ ਵਾਪਸ ਕਰ ਦਿੱਤਾ। ਇਹ ਸੁਣ ਬੱਚੇ ਵੀ ਨਵੀਂ ਸਿੱਖਿਆ ਲੈ ਕੇ ਆਪਣੇ ਕਮਰੇ ਵਿੱਚ ਜਾ ਕੇ ਸੌ ਗਏ।