ਮੈਲਬਰਨ:ਆਸਟਰੇਲੀਆ ਦੇ ਸਭ ਤੋਂ ਸਫਲ ਟੀ-20 ਬੱਲੇਬਾਜ਼ ਅਤੇ ਸਾਲ 2021 ਵਿੱਚ ਟੀ-20 ਕੱਪ ਜੇਤੂ ਕਪਤਾਨ ਆਰੋਨ ਫਿੰਚ ਨੇ ਅੱਜ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। 36 ਸਾਲਾ ਫਿੰਚ ਹਾਲਾਂਕਿ ਬਿੱਗ ਬੈਸ਼ ਲੀਗ ਅਤੇ ਘਰੇਲੂ ਟੀ-20 ਮੈਚਾਂ ਵਿੱਚ ਖੇਡਦਾ ਰਹੇਗਾ। ਕ੍ਰਿਕਟ ਆਸਟਰੇਲੀਆ ਨੇ ਟਵੀਟ ਕੀਤਾ, ‘‘ਸਾਡੇ ਵਿਸ਼ਵ ਕੱਪ ਜੇਤੂ ਅਤੇ ਸਭ ਤੋਂ ਲੰਮੇ ਸਮੇਂ ਤੱਕ ਟੀ-20 ਕਪਤਾਨ ਰਹਿਣ ਵਾਲੇ ਆਰੋਨ ਫਿੰਚ ਨੇ ਖੇਡ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਆਪਣੇ ਯੋਗਦਾਨ ਲਈ ਧੰਨਵਾਦ ਆਰੋਨ ਫਿੰਚ।’’ ਫਿੰਚ ਦੀ ਕਪਤਾਨੀ ਵਿੱਚ ਆਸਟਰੇਲੀਆ ਨੇ ਦੁਬਈ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ-2021 ਜਿੱਤਿਆ ਸੀ। ਫਿੰਚ ਨੇ ਆਸਟਰੇਲੀਆ ਲਈ ਪੰਜ ਟੈਸਟਾਂ ਵਿੱਚ 278 ਦੌੜਾਂ, 146 ਇੱਕ ਰੋਜ਼ਾ ਵਿੱਚ 5406 ਦੌੜਾਂ ਅਤੇ 103 ਟੀ-20 ਕੌਮਾਂਤਰੀ ਵਿੱਚ 3120 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸੈਂਕੜੇ ਅਤੇ 19 ਅਰਧ ਸੈਂਕੜੇ ਸ਼ਾਮਲ ਹਨ। ਉਸ ਨੇ ਰਿਕਾਰਡ 76 ਟੀ-20 ਮੈਚਾਂ ਵਿੱਚ ਆਸਟਰੇਲੀਆ ਦੀ ਕਪਤਾਨੀ ਕੀਤੀ ਹੈ। ਟੀ-20 ਕ੍ਰਿਕਟ ਵਿੱਚ ਸਰਵੋਤਮ ਵਿਅਕਤੀਗਤ ਸਕੋਰ ਦਾ ਰਿਕਾਰਡ ਵੀ ਉਸ ਦੇ ਨਾਮ ਹੈ। ਉਸ ਨੇ ਸਾਲ 2018 ਵਿੱਚ ਹਰਾਰੇ ’ਚ ਜ਼ਿੰਬਾਬਵੇ ਖ਼ਿਲਾਫ਼ 76 ਗੇਂਦਾਂ ਵਿੱਚ 172 ਦੌੜਾਂ ਬਣਾਈਆਂ ਸਨ।