ਰਾਜਕੋਟ, 7 ਜਨਵਰੀ

ਭਾਰਤ ਨੇ ਇੱਥੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਟੀ-20 ਲੜੀ ਦੇ ਤੀਜੇ ਅਤੇ ਫ਼ੈਸਲਾਕੁਨ ਮੈਚ ਵਿੱਚ ਸ੍ਰੀਲੰਕਾ ਨੂੰ ਜਿੱਤ ਲਈ 229 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤ ਵੱਲੋਂ ਸੂਰਿਆਕੁਮਾਰ ਯਾਦਵ ਨੇ ਨਾਬਾਦ ਸੈਂਕੜਾ ਜੜਦਿਆਂ ਭਾਰਤ ਦਾ ਸਕੋਰ ਪੰਜ ਵਿਕਟਾਂ ’ਤੇ 228 ਦੌੜਾਂ ਤੱਕ ਪਹੁੰਚਾਇਆ। ਯਾਦਵ ਨੇ 51 ਗੇਂਦਾਂ ’ਤੇ 7 ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 112 ਦੌੜਾਂ ਦੀ ਪਾਰੀ ਖੇਡੀ। ਟੀਮ ਨੂੰ ਨਿਰਧਾਰਤ 20 ਓਵਰਾਂ ਵਿੱਚ 228 ਦੌੜਾਂ ਤੱਕ ਪਹੁੰਚਾਉਣ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 46 ਦੌੜਾਂ, ਰਾਹੁਲ ਤ੍ਰਿਪਾਠੀ ਨੇ 35 ਅਤੇ ਅਕਸ਼ਰ ਪਟੇਲ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਸ੍ਰੀਲੰਕਾ ਵੱਲੋਂ ਦਿਲਸ਼ਾਨ ਮਧੂਸ਼ਨਾਕਾ ਨੇ 2 ਵਿਕਟਾਂ ਲਈਆਂ ਜਦਕਿ ਕੁਸਾਨ ਰਾਜਿਤ, ਵਾਨਿੰਦੂ ਹਸਰੰਗਾ ਅਤੇ ਚਾਮਿਕਾ ਕਰੁਨਾਰਤਨੇ ਨੂੰ ਇੱਕ ਇੱਕ ਵਿਕਟ ਮਿਲੀ।