ਮੁੰਬਈ:ਬੌਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਆਪਣੀ ਆਉਣ ਵਾਲੀ ਫ਼ਿਲਮ ‘ਤਰਲਾ’ ਵਿੱਚ ਭਾਰਤ ਦੀ ਪਹਿਲੀ ਘਰੇਲੂ ਖਾਨਸਾਮਾ (ਸ਼ੈੱਫ) ਤਰਲਾ ਦਲਾਲ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਪਿਊਸ਼ ਗੁਪਤਾ ਨੇ ਕੀਤਾ ਹੈ। ਅਦਾਕਾਰਾ ਨੇ ਆਖਿਆ, ‘‘ਤਰਲਾ ਦਲਾਲ ਮੈਨੂੰ ਮੇਰਾ ਬਚਪਨ ਯਾਦ ਕਰਵਾਉਂਦੀ ਹੈ। ਮੇਰੀ ਮਾਂ ਨੇ ਰਸੋਈ ਵਿੱਚ ਉਸ ਦੀ ਕਿਤਾਬ ਦੀ ਕਾਪੀ ਰੱਖੀ ਹੋਈ ਸੀ ਅਤੇ ਉਹ ਅਕਸਰ ਉਸ ’ਚੋਂ ਦੇਖ ਕੇ ਮੇਰੇ ਸਕੂਲ ਟਿਫਨ ਲਈ ਪਕਵਾਨ ਬਣਾਉਂਦੀ ਸੀ।  ਮੈਨੂੰ ਅੱਜ ਵੀ ਉਹ ਸਮਾਂ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਤਰਲਾ ਵੱਲੋਂ ਸਿਖਾਈ ਗਈ ‘ਮੈਂਗੋ ਆਈਸ ਕਰੀਮ’ ਬਣਾਉਣ ਵਿੱਚ ਆਪਣੀ ਮਾਂ ਦੀ ਮਦਦ ਕੀਤੀ ਸੀ। ਇਹ ਕਿਰਦਾਰ ਮੇਰੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦਾ ਹੈ ਅਤੇ ਇਹ ਕਿਰਦਾਰ ਨਿਭਾਉਣ ਲਈ ਮੇਰੇ ’ਤੇ ਭਰੋਸਾ ਕਰਨ ਲਈ ਮੈਂ ਨਿਰਮਾਤਾ ਰੌਨੀ, ਅਸ਼ਵਨੀ ਤੇ ਨਿਤੇਸ਼ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।’’ਨਿਰਮਾਤਾ ਅਸ਼ਵਨੀ ਨੇ ਕਿਹਾ, ‘‘ਤਰਲਾ ਦੀ ਕਹਾਣੀ ਉਸ ਦੇ ਮਸ਼ਹੂਰ ਖਾਨਸਾਮਾ ਹੋਣ ਤੋਂ ਕਿਤੇ ਵੱਧ ਹੈ।    ਇਹ ਇੱਕ ਕੰਮਕਾਜੀ ਮਾਂ ਦੀ ਕਹਾਣੀ ਹੈ ਜਿਸ ਨੇ ਇਕੱਲਿਆਂ ਹੀ ਭਾਰਤ ਵਿੱਚ ਸ਼ਾਕਾਹਾਰੀ ਭੋਜਨ ਦਾ ਰੂਪ ਬਦਲ ਦਿੱਤਾ ਅਤੇ ਕਈ ਘਰੇਲੂ ਖਾਨਸਾਮਿਆਂ ਦੇ ਸੁਫ਼ਨੇ ਸਾਕਾਰ ਕਰਨ ਵਿੱਚ ਮਦਦ ਕੀਤੀ।’’ ਤਰਲਾ ਦਲਾਲ ਭਾਰਤੀ ਭੋਜਨ ਲੇਖਕ, ਖਾਨਸਾਮਾ ਤੇ ਟੀਵੀ ਸ਼ੋਅਜ਼ ਦੀ ਮੇਜ਼ਬਾਨ ਸੀ। ਉਹ ਪਹਿਲੀ ਭਾਰਤੀ ਸੀ ਜਿਸ ਨੂੰ 2007 ਵਿੱਚ ਰਸੋਈ ਹੁਨਰ ਸ਼੍ਰੇਣੀ ਵਿੱਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।