ਫ਼ਤਹਿਗੜ੍ਹ ਸਾਹਿਬ, 2 ਜੂਨ
ਜ਼ਿਲ੍ਹੇ ਦੇ ਪਿੰਡ ਖੰਟ ਮਾਨਪੁਰ ਨੇੜੇ ਬੀਤੀ ਰਾਤ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾਂ ਇਸ਼ਮਿੰਦਰ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਤ੍ਰਿਪੜੀ ਪਟਿਆਲਾ ਵਜੋਂ ਹੋਈ ਹੈ। ਥਾਣਾ ਖਮਾਣੋਂ ਦੇ ਮੁਖੀ ਨਰਪਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ-ਚੰਡੀਗੜ੍ਹ ਮਾਰਗ ’ਤੇ ਸਥਿਤ ਪਿੰਡ ਖੰਟ ਮਾਨਪੁਰ ਨਜ਼ਦੀਕ ਨੌਜਵਾਨ ਦੀ ਵਰਨਾ ਕਾਰ ਵਿਚੋਂ ਲਾਸ਼ ਮਿਲੀ ਹੈ, ਜਿਸ ਬਾਰੇ ਪੁਲੀਸ ਨੂੰ ਕਿਸੇ ਨੇ ਸੂਚਿਤ ਕੀਤਾ ਜਿਸ ’ਤੇ ਉਨ੍ਹਾਂ ਪੁਲੀਸ ਪਾਰਟੀ ਸਮੇਤ ਮੌਕਾ ਦੇਖਿਆ ਤਾਂ ਕਾਰ ਸਟਾਰਟ ਖੜ੍ਹੀ ਸੀ, ਜੋ ਕਿ ਅੰਦਰੋਂ ਲਾਕ ਸੀ। ਮ੍ਰਿਤਕ ਪਾਸੋਂ ਲਾਇਸੰਸੀ ਰਿਵਾਲਵਰ ਵੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸੇ ਦੌਰਾਨ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਦੱਸਿਆ ਕਿ ਮ੍ਰਿਤਕ ਹੋਲਸੇਲ ਦਵਾਈਆਂ ਦਾ ਕੰਮ ਕਰਦਾ ਸੀ ਅਤੇ ਲੁਧਿਆਣੇ ਤੋਂ ਪਟਿਆਲਾ ਵਾਪਸ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਕਰੀਬ 4-5 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਕੁੱਝ ਦਿਨ ਪਹਿਲਾ ਹੀ ਉਨ੍ਹਾਂ ਨਵਾਂ ਮਕਾਨ ਵੀ ਬਣਾਇਆ ਹੈ। ਉਸ ਨੇ ਦੱਸਿਆ ਕਿ ਕਾਰ ਦਾ ਟਾਇਰ ਵੀ ਫਟਿਆ ਹੋਇਆ ਸੀ ਅਤੇ ਕਾਫ਼ੀ ਦੂਰ ਤੱਕ ਕਾਰ ਚੱਲੀ ਹੋਈ ਸੀ। ਇਸੇ ਦੌਰਾਨ ਡੀਐੱਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਵੱਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।