ਸੰਯੁਕਤ ਰਾਸ਼ਟਰ, 

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਰਕਾਰਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ। ਉਨ੍ਹਾਂ ਪੱਤਰਕਾਰਾਂ ਖ਼ਿਲਾਫ਼ ਵਧ ਰਹੀ ਹਿੰਸਾ, ਧਮਕੀਆਂ ਅਤੇ ਉਨ੍ਹਾਂ ਦੀ ਮੌਤ ਦੇ ਮਾਮਲੇ ਵਧਣ ’ਤੇ ਚਿੰਤਾ ਜਤਾਈ ਹੈ। ਮੌਜੂਦਾ ਵਰ੍ਹੇ ਦੌਰਾਨ 70 ਤੋਂ ਵਧ ਪੱਤਰਕਾਰ ਮਾਰੇ ਜਾ ਚੁੱਕੇ ਹਨ। ਗੁਟੇਰੇਜ਼ ਦਾ ਇਹ ਬਿਆਨ 2 ਨਵੰਬਰ ਨੂੰ ਪੱਤਰਕਾਰਾਂ ਖ਼ਿਲਾਫ਼ ਜ਼ੁਲਮਾਂ ਸਬੰਧੀ ਕੌਮਾਂਤਰੀ ਦਿਵਸ ਤੋਂ ਪਹਿਲਾਂ ਆਇਆ ਹੈ। ਗੁਟੇਰੇਜ਼ ਨੇ ਕਿਹਾ,‘‘ਆਜ਼ਾਦ ਪ੍ਰੈੱਸ ਲੋਕਤੰਤਰ ਲਈ ਕੰਮ ਕਰਨ, ਗਲਤ ਕੰਮਾਂ ਨੂੰ ਉਜਾਗਰ ਕਰਨ ਅਤੇ ਵਿਕਾਸ ਦੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਅਹਿਮ ਹੈ। ਫਿਰ ਵੀ ਸਮਾਜ ’ਚ ਇਸ ਭੂਮਿਕਾ ਨੂੰ ਨਿਭਾਉਣ ਦੌਰਾਨ ਇਸ ਸਾਲ 70 ਤੋਂ ਜ਼ਿਆਦਾ ਪੱਤਰਕਾਰ ਮਾਰੇ ਜਾ ਚੁੱਕੇ ਹਨ।’’ ਉਨ੍ਹਾਂ ਕਿਹਾ ਕਿ ਰਿਕਾਰਡ ਗਿਣਤੀ ’ਚ ਪੱਤਰਕਾਰ ਜੇਲ੍ਹਾਂ ’ਚ ਬੰਦ ਹਨ ਅਤੇ ਉਨ੍ਹਾਂ ਨੂੰ ਸਜ਼ਾ, ਹਿੰਸਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਆਨਲਾਈਨ ਧਮਕਾਉਣ ਖਾਸ ਕਰਕੇ ਮਹਿਲਾ ਪੱਤਰਕਾਰਾਂ ਖ਼ਿਲਾਫ਼ ਨਫ਼ਰਤੀ ਭਾਸ਼ਨ ਜਿਹੀਆਂ ਘਟਨਾਵਾਂ ਨਾਲ ਪੂਰੇ ਸਮਾਜ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਦੀ ਕਾਰਜ ਯੋਜਨਾ ਦਾ ਉਦੇਸ਼ ਸਾਰੇ ਮੀਡੀਆ ਕਰਮੀਆਂ ਲਈ ਸੁਰੱਖਿਅਤ ਤੇ ਆਜ਼ਾਦ ਮਾਹੌਲ ਬਣਾਉਣਾ ਹੈ।