ਚੰਡੀਗੜ੍ਹ, 29 ਦਸੰਬਰ

ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਸਣੇ ਕਸ਼ਮੀਰ ਵਾਦੀ ਵਿੱਚ ਬੁੱਧਵਾਰ ਨੂੰ ਵੀ ਸੀਤ ਲਹਿਰ ਦਾ ਦੌਰ ਜਾਰੀ ਰਿਹਾ। ਕੌਮੀ ਰਾਜਧਾਨੀ ਦਿੱਲੀ ਵਿੱਚ ਕੜਾਕੇ ਦੀ ਠੰਢ ਤੋਂ ਆਰਜ਼ੀ ਰਾਹਤ ਮਿਲੀ ਜਿਥੇ ਘੱਟੋ-ਘੱਟ ਤਾਪਮਾਨ 6.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਢਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲੀਅਸ ਨੋਟ ਕੀਤਾ ਗਿਆ। ਪੰਜਾਬ ਤੇ ਹਰਿਆਣਾ ਸੂਬਿਆਂ ਦੀਆਂ ਵਧੇਰੇ ਥਾਵਾਂ ’ਤੇ ਸੰਘਣੀ ਧੁੰਦ ਪਈ ਜਿਸ ਕਾਰਨ  ਆਵਾਜਾਈ ਪ੍ਰਭਾਵਿਤ ਹੋਈ। 

ਵੇਰਵਿਆਂ ਅਨੁਸਾਰ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲੀਅਸ, ਸ਼ਾਹੀ ਸ਼ਹਿਰ ਪਟਿਆਲਾ ਵਿੱਚ ਤਾਪਮਾਨ 6.8 ਤੇ ਪਠਾਨਕੋਟ, ਫਰੀਦਕੋਟ ਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 7.1, 3.5 ਤੇ 4.7 ਡਿਗਰੀ ਸੈਲੀਅਸ ਰਿਹਾ। ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲੀਅਸ ਨੋਟ ਕੀਤਾ ਗਿਆ। ਹਰਿਆਣਾ ਵਿੱਚ ਨਾਰਨੌਲ ਸ਼ਹਿਰ ਸਭ ਤੋਂ ਠੰਢਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 4  ਡਿਗਰੀ ਸੈਲੀਅਸ ਰਿਹਾ ਜਦੋਂ ਕਿ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਤੇ ਹਿਸਾਰ ਵਿੱਚ 4.3 ਡਿਗਰੀ ਸੈਲੀਅਸ ਰਿਹਾ। ਇਸੇ ਤਰ੍ਹਾਂ ਕਰਨਾਲ, ਰੋਹਤਕ, ਭਿਵਾਨੀ ਅਤੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 6.7, 8.2, 4.3 ਤੇ 5.8 ਡਿਗਰੀ ਸੈਲਸੀਅਸ ਰਿਹਾ। 

ਇਸੇ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਠੰਢ ਤੋਂ ਕੁਝ ਰਾਹਤ ਮਿਲੀ ਪਰ ਮੌਸਮ ਵਿਭਾਗ ਅਨੁਸਾਰ ਇਹ ਰਾਹਤ ਆਰਜ਼ੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਸਰਦੀ ਮੁੜ ਜ਼ੋਰ ਫੜੇਗੀ। ਮੌਸਮ ਵਿਭਾਗ ਦੇ ਸਫਦਰਜੰਗ ਸਥਿਤ ਦਫ਼ਤਰ ਅਨੁਸਾਰ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੀ ਤੇ ਸੋਮਵਾਰ ਨੂੰ ਤਾਪਮਾਨ 5 ਡਿਗਰੀ ਸੈਲੀਅਸ ਦਰਜ ਕੀਤਾ ਗਿਆ ਸੀ। ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਨੂੰ ਪਈ ਸੰਘਣੀ ਧੁੰਦ ਕਾਰਨ 14 ਰੇਲ ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ। ਇਸੇ ਦੌਰਾਨ ਉੱਤਰਾਖੰਡ ਦੇ ਦੇਹਰਾਦੂਨ ਤੇ ਨੇਨੀਤਾਲ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 7 ਤੇ 7.2 ਡਿਗਰੀ ਸੈਲੀਅਸ ਨੋਟ ਕੀਤਾ ਗਿਆ।