ਨਵੀਂ ਦਿੱਲੀ, 17 ਜਨਵਰੀ

ਚੋਣ ਕਮਿਸ਼ਨ ਨੇ ਅੱਜ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਪੈਣ ਵਾਲੀਆਂ ਵੋਟਾਂ ਦੀ ਤਰੀਕ 14 ਫਰਵਰੀ ਤੋਂ ਅੱਗੇ ਪਾ ਕੇ 20 ਫਰਵਰੀ ਕਰ ਦਿੱਤੀ ਹੈ।

ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੋਟਾਂ ਦੀ ਤਰੀਕ 14 ਫਰਵਰੀ ਤੋਂ ਅੱਗੇ ਪਾਉਣ ਦੀ ਕੀਤੀ ਗਈ ਮੰਗ ’ਤੇ ਵਿਚਾਰ ਕਰਨ ਲਈ ਕੀਤੀ ਗਈ ਇਕ ਮੀਟਿੰਗ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਗੁਰੂ ਰਵਿਦਾਸ ਦੀ ਜੈਅੰਤੀ ਮਨਾਉਣ ਲਈ ਪੰਜਾਬ ਦੇ ਲੱਖਾਂ ਸ਼ਰਧਾਲੂ ਵਾਰਾਣਸੀ ਜਾਣਗੇ ਜਿਸ ਕਾਰਨ ਉਹ 14 ਫਰਵਰੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਵੋਟਾਂ ਦੀ ਤਰੀਕ ਅੱਗੇ ਪਾਈ ਜਾਵੇ ਤਾਂ ਜੋ ਇਹ ਸ਼ਰਧਾਲੂ ਲੋਕ ਵੀ ਆਪਣੀ ਵੋਟ ਪਾ ਸਕਣ।