ਇੰਦੌਰ, 7 ਮਈ
ਕਿੰਗਜ਼ ਇਲੈਵਨ ਪੰਜਾਬ ਨੇ ਅੱਜ ਆਈਪੀਐਲ ਮੈਚ ਵਿੱਚ ਰਾਜਸਥਾਨ ਰੌਇਲਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਦੀ ਨੌਂ ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ, ਜਦਕਿ ਰਾਜਸਥਾਨ ਦੀ ਛੇਵੀਂ ਹਾਰ ਹੈ। ਰਾਜਸਥਾਨ ਲਈ ਆਈਪੀਐਲ ਦੇ ਇਸ ਸੈਸ਼ਨ ਦੇ ਪਲੇਆਫ ਵਿੱਚ ਪੁੱਜਣ ਦੀਆਂ ਸੰਭਾਵਨਾ ਘਟ ਗਈਆਂ ਹਨ। ਦੂਜੇ ਪਾਸੇ, ਪੰਜਾਬ ਨੂੰ ਪਲੇਆਫ ਵਿੱਚ ਪਹੁੰਚਣ ਲਈ ਸਿਰਫ਼ ਦੋ ਜਿੱਤਾਂ ਦੀ ਲੋੜ ਹੈ। ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਰੌਇਲਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਮੁਜ਼ੀਬ ਉਰ ਰਹਿਮਾਨ ਅਤੇ ਐਂਡਰਿਊ ਟਾਈ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਨੇ ਰਾਜਸਥਾਨ ਨੂੰ ਨੌਂ ਵਿਕਟਾਂ ’ਤੇ 152 ਦੌੜਾਂ ਹੀ ਬਣਾਉਣ ਦਿੱਤੀਆਂ। ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਟੀਮ ਨੇ 18.4 ਓਵਰਾਂ ਵਿੱਚ ਚਾਰ ਵਿਕਟਾਂ ਪਿੱਛੇ 155 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਮੈਨ ਆਫ ਦਾ ਮੈਚ ਬਣੇ ਕੇ ਲੋਕੇਸ਼ ਰਾਹੁਲ (84) ਨੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਮਾਰਕਸ ਸਟੌਈਨਿਸ ਨੇ 23 ਅਤੇ ਕਰੁਨ ਨਾਇਰ ਨੇ 31 ਦੌੜਾਂ ਬਣਾਈਆਂ। ਪੰਜਾਬ ਦਾ ਗੇਂਦਬਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ। ਮੁਜ਼ੀਬ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਤਿੰਨ, ਜਦਕਿ ਟਾਈ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਖੱਬੇ ਹੱਥ ਦੇ ਗੇਂਦਬਾਜ਼ ਅਕਸਰ ਪਟੇਲ ਅਤੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਕ੍ਰਮਵਾਰ 21 ਅਤੇ 30 ਦੌੜਾਂ ਦੇ ਕੇ ਇੱਕ-ਇੱਕ ਵਿਕਟ ਲਈ। ਰੌਇਲਜ਼ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸੰਜੂ ਸੈਮਸਨ (28) ਅਤੇ ਸ਼੍ਰੇਅਸ ਗੋਪਾਲ (24) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ।