ਪਟਿਆਲਾ, 4 ਜੂਨ
ਨਾਭਾ ਥਰਮਲ ਪਲਾਂਟ ਰਾਜਪੁਰਾ ਲਈ ਕੋਲੇ ਦੀ ਸਪਲਾਈ ਸਬੰਧੀ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਨੌੰ ਕਿਲੋਮੀਟਰ ਦੇ ਰੇਲਵੇ ਟਰੈਕ ਤੋਂ ਲੰਘੀ ਰਾਤ 1250 ਕਲਿੱਪ ਖੋਲ੍ਹਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਸਬੰਧੀ ਅਗਾਊਂ ਪਤਾ ਲੱਗਣ ਕਾਰਨ ਹਾਦਸਾ ਟਲ ਗਿਆ। ਥਰਮਲ ਪਲਾਂਟ ਦੇ ਅਧਿਕਾਰੀਆਂ ਨੇ ਰੇਲਵੇ ਵਿਭਾਗ ਨੂੰ ਸੂਚਿਤ ਕਰਕੇ ਕੁਝ ਸਮੇਂ ਲਈ ਰੇਲਵੇ ਆਵਾਜਾਈ ਵੀ ਬੰਦ ਕਰਵਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਹ ਥਰਮਲ ਪਲਾਂਟ ਰਾਜਪੁਰਾ ਦੇ ਪਿੰਡ ਨਲਾਸ ਵਿਖੇ ਸਥਿਤ ਹੈ, ਜਿਸ ਵਾਸਤੇ ਕੋਲੇ ਦੀ ਸਪਲਾਈ ਲਈ ਸਰਾਏ ਬਨਜਾਰਾ ਤੋਂ ਰਾਜਪੁਰਾ ਨੂੰ ਜਾਂਦੀ ਰੇਲਵੇ ਲਾਈਨ ਤੋਂ ਸਪੈਸ਼ਲ ਨੌਂ ਕਿਲੋਮੀਟਰ ਰੇਲਵੇ ਲਾਈਨ ਕੱਢੀ ਗਈ ਹੈ। ਥਰਮਲ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ ਜਦੋਂ ਥਰਮਲ ਪਲਾਂਟ ਦੇ ਮੁਲਾਜ਼ਮਾਂ ਨੇ ਗਸ਼ਤ ਦੌਰਾਨ ਰੇਲਵੇ ਲਾਈਨ ਤੋਂ ਸਾਢੇ ਬਾਰਾਂ ਸੌ ਕਲਿੱਪ ਗਾਇਬ ਦੇਖੇ। ਇਹ ਕਲਿੱਪ ਰੇਲਵੇ ਲਾਈਨ ਨੂੰ ਮਜ਼ਬੂਤੀ ਦਿੰਦੇ ਹਨ। ਕਲਿੱਪ ਨਾ ਹੋਣ ਦੀ ਸੂਰਤ ਵਿੱਚ ਹਾਦਸਾ ਹੋ ਸਕਦਾ ਹੈ। ਪਟਿਆਲਾ ਤੋਂ ਐੱਸਐੱਸਪੀ ਦੀਪਕ ਪਾਰਿਕ ਸਮੇਤ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਸਾਡੇ ਨੌੰ ਕਿਲੋਮੀਟਰ ਦਾ ਇਹ ਟਰੈਕ ਦੀ ਮਲਕੀਅਤ ਐੱਲਐਂਡਟੀ ਦੀ ਹੈ ਜਦਕਿ ਇਸ ਦੀ ਦੇਖ ਰੇਖ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਥਰਮਲ ਪਲਾਂਟ ਦੀ ਹੈ। ਇਸ ਸਬੰਧੀ ਅਜੇ ਅਧਿਕਾਰਤ ਤੌਰ ‘ਤੇ ਕਿਸੇ ਵੀ ਪੁਲੀਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ਇਸ ਘਟਨਾ ਨੂੰ ਸਿੱਖ ਫਾਰ ਜਸਟਿਸ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਘੱਲੂਘਾਰਾ ਦਿਵਸ ਦੇ ਨੇੜੇ ਅਜਿਹੀ ਹੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਦਿੱਤੀ ਗਈ ਧਮਕੀ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।