ਕਿਹਾ, ਕਾਂਗਰਸ ਦੀ ਅਲੋਚਣਾ ਦੀ ਬਜਾਏ ਚੰਗਾ ਹੁੰਦਾ ਪ੍ਰਧਾਨ ਮੰਤਰੀ ਆਪਣੀ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਕੰਮ ਦੱਸਦੇ
ਆਖਿਆ, ਭਾਜਪਾ ਸਰਕਾਰ ਨੇ ਐਮ.ਐਸ.ਪੀ. ਘੋਸ਼ਿਤ ਤਾਂ ਕੀਤੇ ਪਰ ਲਾਗੂ ਨਹੀਂ
ਚੰਡੀਗੜ, 3 ਜਨਵਰੀ
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੌਰੇ ਮੌਕੇ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਦੀ ਭਲਾਈ ਸਬੰਧੀ ਕੋਈ ਵੀ ਨਵਾਂ ਐਲਾਣ ਨਾ ਕਰਕੇ ਪੰਜਾਬੀਆਂ ਨੂੰ ਨਿਰਾਸ਼ ਹੀ ਕੀਤਾ ਹੈ ਅਤੇ ਚੰਗਾ ਹੁੰਦਾ ਜੇਕਰ ਉਹ ਆਪਣੇ ਭਾਸ਼ਣ ਦੌਰਾਨ ਕਾਂਗਰਸ ਦੀ ਅਲੋਚਣਾ ਕਰਨ ਦੀ ਬਜਾਏ ਆਪਣੀ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਕੀਤਾ ਕੋਈ ਠੋਸ ਕਾਰਜ ਲੋਕਾਂ ਨਾਲ ਸਾਂਝਾ ਕਰਦੇ।
ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੇ ਟਿੱਪਣੀ ਕਰਦਿਆਂ ਆਖੀ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਆਸ ਦੇ ਉਲਟ ਨਾ ਤਾਂ ਕਿਸਾਨਾਂ ਲਈ ਅਤੇ ਨਾ ਹੀ ਇਸ ਸਰੱਹਦੀ ਖਿੱਤੇ ਦੇ ਉਦਯੋਗਿਕ ਵਿਕਾਸ ਲਈ ਕੋਈ ਐਲਾਣ ਕੀਤਾ ਸਗੋਂ ਉਹ ਆਪਣੇ ਪੁਰਾਣੇ ਸਿਆਸੀ ਭਾਸ਼ਣ ਬੋਲ ਕੇ ਹੀ ਚਲੇ ਗਏ।
ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਪਿੱਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੀਆਂ ਫਸਲਾਂ ਦੇ ਸਮੱਰਥਨ ਮੁੱਲ ਵਿਚ ਵਾਧਾ ਕਰਨ ਦੇ ਨਾਂਅ ਤੇ ਆਪਣੀ ਕੇਂਦਰ ਸਰਕਾਰ ਦੀਆਂ ਹਰ ਮੰਚ ਤੋਂ ਤਰੀਫਾਂ ਕਰ ਰਹੇ ਹਨ ਪਰ ਸੱਚ ਇਸਦੇ ਪੂਰੀ ਤਰਾਂ ਨਾਲ ਉਲਟ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 24 ਫਸਲਾਂ ਦੇ ਘੱਟੋ ਘੱਟ ਸਮਰੱਥਨ ਮੁੱਲ ਐਲਾਣੇ ਗਏ ਹਨ ਪਰ ਇੰਨਾਂ ਵਿਚੋਂ 20 ਫਸਲਾਂ ਤਾਂ ਨਿਰਧਾਰਤ ਮੁੱਲ ਤੋਂ ਘੱਟ ਮੁੱਲ ਤੇ ਵਿਕ ਰਹੀਆਂ ਹਨ। ਉਨਾਂ ਨੇ ਆਖਿਆ ਕਿ ਸਿਰਫ ਐਲਾਣ ਕਰਨ ਨਾਲ ਦੇਸ਼ ਦੇ ਕਿਸਾਨਾਂ ਦੀ ਹਾਲਤ ਨਹੀਂ ਸੁਧਰ ਸਕਦੀ।
ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਵੱਲੋਂ ਹਿਮਾਚਲ ਵਿਚ ਦਿੱਤੇ ਆਪਣੇ ਭਾਸ਼ਣ ਤੋਂ ਬਾਅਦ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜੇ ਮਾਫੀ ਦੀਆਂ ਸੂਚੀਆਂ ਭੇਜਣ ਤੋਂ ਬਾਅਦ ਅੱਜ ਇਹ ਮੰਨ ਲੈਣ ਕਿ ਪੰਜਾਬ ਸਰਕਾਰ ਇਸ ਤੋਂ ਪਹਿਲਾਂ 3400 ਕਰੋੜ ਰੁਪਏ ਦੇ ਕਿਸਾਨੀ ਕਰਜੇ ਮਾਫ ਕਰ ਚੁੱਕੀ ਹੈ ਲਈ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਇੰਨਾਂ ਵੀ ਨਹੀਂ ਕੀਤਾ। ਪ੍ਰਧਾਨ ਮੰਤਰੀ ਵੱਲੋਂ ਇਹ ਆਖੇ ਜਾਣ ਕੇ ਪੰਜਾਬ ਨੇ ਜਿਆਦਾ ਨਹੀਂ ਕੀਤਾ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਕੁਝ ਕੀਤਾ ਤਾਂ ਸਹੀ, ਭਾਜਪਾ ਦੀ ਕੇਂਦਰ ਸਰਕਾਰ ਜਾਂ ਇਸ ਤੋਂ ਪਹਿਲਾਂ ਪੰਜਾਬ ਵਿਚ ਰਹੀ ਅਕਾਲੀ ਭਾਜਪਾ ਸਰਕਾਰ ਨੇ ਤਾਂ ਇੰਨਾਂ ਵੀ ਨਹੀਂ ਕੀਤਾ ਸੀ।
ਛੋਟੇ ਕਿਸਾਨਾਂ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਕੀਤੀ ਟਿੱਪਣੀ ਕਿ ਉਨਾਂ ਦੇ ਤਾਂ ਬੈਂਕਾਂ ਵਿਚ ਖਾਤੇ ਹੀ ਨਹੀਂ ਹੁੰਦੇ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਛੋਟੇ ਕਿਸਾਨਾਂ ਦੇ ਬੈਂਕ ਖਾਤੇ ਗੁਜਰਾਤ ਵਿਚ ਨਹੀਂ ਖੁਲਦੇ ਹੋਣੇ, ਪੰਜਾਬ ਸਰਕਾਰ ਨੇ ਤਾਂ ਤਰਜੀਹੀ ਅਧਾਰ ਤੇ ਛੋਟੇ ਕਿਸਾਨਾਂ ਦਾ ਹੀ ਕਰਜ ਮਾਫ ਕੀਤਾ ਹੈ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਸ਼ਣ ਵਿਚ ਇਹ ਤਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਤੇ ਗੁਰਦਾਸਪੁਰ ਲਈ ਬਹੁਤ ਸਕੀਮਾਂ ਚਲਾਈਆਂ ਹਨ ਪਰ ਚੰਗਾ ਹੁੰਦਾ ਜੇਕਰ ਉਹ ਕਿਸੇ ਇਕ ਸਕੀਮ ਦਾ ਨਾਂਅ ਲੈ ਦਿੰਦੇ ਜੋ ਉਨਾਂ ਪੰਜਾਬ ਲਈ ਵਿਸੇਸ਼ ਤੌਰ ਤੇ ਚਲਾਈ ਹੋਵੇ।
ਲੰਗਰ ਤੇ ਜੀ.ਐਸ.ਟੀ. ਮਾਫੀ ਸਬੰਧੀ ਪ੍ਰਧਾਨ ਮੰਤਰੀ ਦੇ ਦਾਅਵੇ ਤੇ ਸੀz ਜਾਖੜ ਨੇ ਪੁੱਛਿਆ ਕੇ ਲੰਗਰ ਤੇ ਜੀ ਐਸ ਟੀ ਲਗਾਇਆ ਕਿਸ ਨੇ ਸੀ। ਜੀਐਸਟੀ ਦੇ ਸਰਲੀਕਰਨ ਸਬੰਧੀ ਪ੍ਰਧਾਨ ਮੰਤਰੀ ਦੇ ਬਿਆਨ ਤੇ ਸ੍ਰੀ ਜਾਖੜ ਨੇ ਕਿਹਾ ਕਿ ਦੋਸ਼ਪੂਰਨ ਜੀਐਸਟੀ ਲਾਗੂ ਵੀ ਤਾਂ ਭਾਜਪਾ ਨੇ ਕੀਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਆਪਣਾ ਸਾਰਾ ਕਾਰਜਕਾਲ ਲਾਰਿਆਂ ਨਾਲ ਪੂਰਾ ਕਰਨ ਤੋਂ ਬਾਅਦ ਹੁਣ ਭਾਜਪਾ ਇਹ ਸਮਝ ਲਵੇ ਕਿ ਅਗਲੀਆਂ ਆਮ ਚੋਣਾਂ ਵਿਚ ਦੇਸ਼ ਦੇ ਲੋਕ ਉਸਦੇ ਜੁਮਲਿਆਂ ਨਾਲ ਭਰਮਾਏ ਨਹੀਂ ਜਾ ਸਕਣਗੇ।