ਅਹਿਮਦਾਬਾਦ, 28 ਨਵੰਬਰ

ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਪੀਜੀ (ਲੋਕ ਸ਼ਿਕਾਇਤ) ਪੋਟਰਲ ’ਤੇ ਫਰਜ਼ੀ ਸੂਚਨਾ ਫੈਲਾਉਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਪੋਰਟਲ ’ਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ਦੇ ਜਾਮਨਗਰ ਵਿੱਚ ਚੋਣ ਰੈਲੀ ਦੌਰਾਨ ਹੱਤਿਆ ਕੀਤੀ ਜਾਵੇਗੀ। ਏਟੀਐੱਸ ਦੇ ਡੀਐੱਸਪੀ ਐੱਸ ਐੱਲ ਚੌਧਰੀ ਨੇ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਗੁਜਰਾਤ ਏਟੀਐੱਸ ਨੂੰ ਪੀਜੀ ਪੋਰਟਲ ’ਤੇ ਸੂਚਨਾ ਮਿਲੀ ਸੀ ਕਿ ਦਿੱਲੀ ਤੋਂ ਤਾਨੀਆ ਨਾਮ ਦੀ ਔਰਤ ਨੇ ਜਾਮਨਗਰ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਹੈ। ਸੂਚਨਾ ਵਿੱਚ ਕਿਹਾ ਗਿਆ ਹੈ ਕਿ ਉਹ ਦਿੱਲੀ ਦੇ ਕੇਂਦਰੀ ਸਕੱਤਰੇਤ ਵਿੱਚ ਵੀ ਧਮਾਕੇ ਕਰਨ ਦੀ ਯੋਜਨਾ ਬਣਾ ਰਹੀ ਹੈ।’’ ਡੀਐੱਸਪੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਨਾ ਦੀ ਰਹਿਣ ਵਾਲੀ ਤਾਨੀਆ ਦਿੱਲੀ ਵਿੱਚ ਵਕਾਲਤ ਕਰ ਰਹੀ ਹੈ।