ਮਾਸਕੋ, 28 ਅਕਤੂਬਰ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਭਾਰਤ ਨਾਲ ਖਾਸ ਰਿਸ਼ਤੇ ਹਨ ਅਤੇ ਦੋਵਾਂ ਮੁਲਕਾਂ ਨੇ ਹਮੇਸ਼ਾ ਇੱਕ-ਦੂਜੇ ਦੀ ਹਮਾਇਤ ਕੀਤੀ ਹੈ ਤੇ ਇਹ ਹਮਾਇਤ ਭਵਿੱਖ ’ਚ ਵੀ ਜਾਰੀ ਰਹੇਗੀ। ਉਨ੍ਹਾਂ ਦੇਸ਼ ਹਿੱਤ ’ਚ ‘ਆਜ਼ਾਦ ਵਿਦੇਸ਼ ਨੀਤੀ’ ’ਤੇ ਚੱਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਤੇ ਭਾਰਤ ਫੌਜੀ ਤੇ ਤਕਨੀਕੀ ਖੇਤਰ ’ਚ ਸਹਿਯੋਗ ਕਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ, ‘ਸਾਡੇ ਭਾਰਤ ਨਾਲ ਖਾਸ ਰਿਸ਼ਤੇ ਹਨ ਜੋ ਦਹਾਕਿਆਂ ਦੀ ਨੇੜਲੀ ਭਾਈਵਾਲੀ ਦੇ ਆਧਾਰ ’ਤੇ ਟਿਕੇ ਹੋਏ ਹਨ। ਸਾਡਾ ਭਾਰਤ ਨਾਲ ਕੋਈ ਮਸਲਾ ਨਹੀਂ ਰਿਹਾ ਹੈ ਅਤੇ ਹਮੇਸ਼ਾ ਇੱਕ ਦੂਜੇ ਦੀ ਹਮਾਇਤ ਕੀਤੀ ਹੈ। ਮੈਂ ਭਵਿੱਖ ’ਚ ਵੀ ਇਨ੍ਹਾਂ ਰਿਸ਼ਤਿਆਂ ਦੇ ਅਜਿਹੇ ਹੀ ਰਹਿਣ ਨੂੰ ਲੈ ਕੇ ਸਕਾਰਾਤਮਕ ਹਾਂ।’