ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਯੂਕਰੇਨ ਉਤੇ ਰੂਸ ਦੇ ਹਮਲੇ ਵਿਰੁੱਧ ਸਮਰਥਨ ਦਿਖਾਉਣ ਵਿਚ ਭਾਰਤ ਦੀ ਸਥਿਤੀ ‘ਥੋੜ੍ਹੀ ਡਾਵਾਂਡੋਲ’ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਜ਼ਿਆਦਾਤਰ ਮਿੱਤਰਾਂ ਤੇ ਸਹਿਯੋਗੀਆਂ ਨੇ ਵਲਾਦੀਮੀਰ ਪੂਤਿਨ ਦੇ ‘ਹਮਲਾਵਰ ਰੁਖ਼’ ਨਾਲ ਨਜਿੱਠਣ ਵਿਚ ਇਕਜੁੱਟਤਾ ਦਿਖਾਈ ਹੈ। ਬਾਇਡਨ ਨੇ ਸੋਮਵਾਰ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਦੀ ਇਕ ਬੈਠਕ ਵਿਚ ਕਿਹਾ, ‘ਪੂਤਿਨ ਨੂੰ ਚੰਗੀ ਤਰ੍ਹਾਂ ਜਾਣਦਾ ਹੋਣ ਕਰ ਕੇ ਇਕ ਚੀਜ਼ ਭਰੋਸੇ ਨਾਲ ਕਹਿ ਸਕਦਾ ਹਾਂ ਉਹ ਨਾਟੋ ਨੂੰ ਵੰਡਣ ਵਿਚ ਸਮਰੱਥ ਹੋਣ ਦਾ ਭਰੋਸਾ ਪਾਲੀ ਬੈਠੇ ਸਨ। ਉਨ੍ਹਾਂ ਕਦੇ ਸੋਚਿਆ ਨਹੀਂ ਸੀ ਕਿ ਨਾਟੋ ਸੁਲਝਿਆ ਰਹੇਗਾ, ਪੂਰੀ ਤਰ੍ਹਾਂ ਇਕਜੁੱਟ ਰਹੇਗਾ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਨਾਟੋ ਰੂਸ ਦੇ ਰਾਸ਼ਟਰਪਤੀ ਪੂਤਿਨ ਦੇ ਕਾਰਨ ਅੱਜ ਦੇ ਮੁਕਾਬਲੇ ਪਹਿਲਾਂ ਕਦੇ ਇਤਿਹਾਸ ਵਿਚ ਐਨਾ ਮਜ਼ਬੂਤ ਜਾਂ ਇਕਜੁੱਟ ਨਹੀਂ ਰਿਹਾ।’ ਬਾਇਡਨ ਨੇ ਕਿਹਾ ਕਿ ਉਨ੍ਹਾਂ ਦੇ ਹਮਲਾਵਰ ਰੁਖ਼ ਦੇ ਜਵਾਬ ਵਿਚ ਅਸੀਂ ਨਾਟੋ ਤੇ ਪ੍ਰਸ਼ਾਂਤ ਖੇਤਰ ਵਿਚ ਇਕਜੁੱਟਤਾ ਦਿਖਾਈ ਹੈ। ਭਾਰਤ ਤੋਂ ਇਲਾਵਾ ਕੁਆਡ ਇਕਜੁੱਟ ਹੈ। ਭਾਰਤ ਦੀ ਸਥਿਤੀ ਪੂਤਿਨ ਦੇ ਹਮਲੇ ਨਾਲ ਨਜਿੱਠਣ ਦੇ ਲਿਹਾਜ਼ ਨਾਲ ਥੋੜ੍ਹੀ ਡਾਵਾਂਡੋਲ ਹੈ ਪਰ ਜਾਪਾਨ ਤੇ ਆਸਟਰੇਲੀਆ ਬਹੁਤ ਮਜ਼ਬੂਤ ਹਨ।