ਬੇਬੇ ਭਗਵਾਨ ਕੌਰ ਨੇ ਅਖੀਰਲਾ ਪੇੜਾ ਵੇਲ ਕੇ ਪਰਾਤ ਖੜ੍ਹੀ ਕੀਤੀ ਤਾਂ ਉਹ ਸੋਚਾਂ ਵਿੱਚ ਗੁਆਚ ਗਈ। 10 ਦਸੰਬਰ ਦਾ ਸੂਰਜ ਪਰ੍ਹੇ ਟਾਵਰ ਦੇ ਪਿਛਵਾੜੇ ਛਿਪ ਰਿਹਾ ਸੀ। ਜ਼ਿਆਦਾ ਟਰਾਲੀਆਂ ਵਿੱਚ ਟਿਕ ਟਿਕਾਅ ਹੋ ਚੱਲਿਆ ਸੀ, ਪਰ ਕਿਸੇ ਕਿਸੇ ਚੁੱਲ੍ਹੇ ਵਿੱਚੋਂ ਅਜੇ ਵੀ ਧੂੰਆਂ ਨਿਕਲ ਰਿਹਾ ਸੀ।

ਚਾਰ ਪਿੰਡਾਂ ਦੀਆਂ ਟਰਾਲੀਆਂ ਵਾਲਿਆਂ ਦੀ ਰੋਟੀ ਇਕੱਠੀ ਪੱਕਦੀ ਸੀ। ਭਗਵਾਨ ਕੌਰ ਸਾਰਿਆਂ ਤੋਂ ਵੱਡੀ ਹੋਣ ਕਰਕੇ ਸਾਰਿਆਂ ਦੀ ਬੇਬੇ ਸੀ। ਟਰਾਲੀਆਂ ਵਾਲੇ ਚਿਹਰੇ ਸਾਰਾ ਸਾਲ ਬਦਲਦੇ ਰਹੇ, ਪਰ ਭਗਵਾਨ ਕੌਰ ਸਾਰਾ ਸਾਲ ਮੋਰਚੇ ’ਤੇ ਡਟੀ ਰਹੀ। ਰੋਟੀ ਪੱਕਦੀ ਤਾਂ ਬੇਬੇ ਭਗਵਾਨ ਕੌਰ ਕੜਛੀ ਫੜਦੀ। ਸਾਰੇ ਆਪੋ ਆਪਣੀ ਥਾਲੀ ਚੁੱਕਦੇ, ਬੇਬੇ ਮੂਹਰੇ ਆ ਬਹਿੰਦੇ। ਬੇਬੇ ਥਾਲੀ ਧਰਤੀ ’ਤੇ ਰਖਾਏ ਬਿਨਾਂ ਥਾਲੀ ਵਿਚ ਸਲੂਣਾ ਨਾ ਪਾਉਂਦੀ। ਉਸ ਦੀ ਟੋਕਾ-ਟਾਕੀ ਦਾ ਕੋਈ ਬੁਰਾ ਨਾ ਮਨਾਉਂਦਾ। ਕਈ ਵਾਰ ਲੰਗਰ ਮਸਤਾਨਾ ਹੋਇਆ ਤਾਂ ਬੇਬੇ ਚੁੱਪਚਾਪ ਸਿਆਲੂ ਰਾਤਾਂ ਵਿਚ ਰਜਾਈ ’ਚ ਪੈ ਗਈ। ਕਿਸੇ ਨੂੰ ਕੁਝ ਪਤਾ ਨਾ ਲੱਗਾ…!!

‘‘ਬੇਬੇ, ਦੁਖਦੈ ਕੁਛ?’’ ਉਦੈਕਰਨ ਵਾਲੀ ਬਸੰਤ ਕੁਰ ਨੇ ਢਿਲਕ ਆਈ ਚੁੰਨੀ ਦਾ ਲੜ ਸਿਰ ’ਤੇ ਕਰਦਿਆਂ ਪੁੱਛਿਆ।

‘‘ਨਾ ਬਸੰਤ ਕੁਰੇ, ਦੁਖਦਾ ਤਾਂ ਕੁਛ ਨਹੀਂ। ਪਤਾ ਨਹੀਂ ਕਿਉਂ ਕਾਲਜੇ ਨੂੰ ਖੋਹ ਜਿਹੀ ਪਈ ਜਾਂਦੀ ਐ। ਐਥੇ ਐਡਾ ਟੱਬਰ ਬਣ ਗਿਆ। ਸਾਰਿਆਂ ਦਾ ਬੇਬੇ-ਬੇਬੇ ਕਰਦਿਆਂ ਦਾ ਜਾਣੀ ਮੂੰਹ ਸੁਕਦੈ। ਸਵੇਰੇ ਆਪਾਂ ਤੁਰ ਜਾਣੈ। ਫਿਰ ਭਾਈ, ਨਦੀ ਨੀਰ ਸੰਜੋਗੀਂ ਮੇਲੇ…’’ ਬੇਬੇ ਭਗਵਾਨ ਕੌਰ ਨੇ ਗੱਲ ਨੂੰ ਉਂਗਲ ਲਾ ਕੇ ਰਾਹ ’ਤੇ ਤੋਰ ਲਿਆ।

‘‘ਬੇਬੇ, ਲੱਗਦਾ ਤਾਂ ਮੈਨੂੰ ਵੀ ਐ। ਸਵੇਰੇ ਜਦੋਂ ਆਪਣੀਆਂ ਟਰਾਲੀਆਂ ਹਰਿਆਣੇ ਵਿੱਚੋਂ ਟੱਪਣਗੀਆਂ ਤਾਂ ਸੜਕਾਂ ’ਚ ਪੁੱਟੇ ਉਹ ਟੋਏ ਅਤੇ ਰੇਤੇ ਦੇ ਬਣਾਏ ਪਹਾੜ ਅਤੇ ਜਾਏਖਣੀਆਂ ਉਹ ਪਾਣੀ ਵਾਲੀਆਂ ਤੋਪਾਂ ਬੜਾ ਚੇਤੇ ਆਉਣਗੀਆਂ।’’ ਬਸੰਤ ਕੌਰ ਨੇ ਵੀ ਗੱਲ ਦਾ ਤੋੜਾ ਝਾੜਿਆ।

ਇਉਂ ਉਹ ਕਿੰਨਾ ਚਿਰ ਹੀ ਰੁਣ-ਝੁਣ ਕਰਦੀਆਂ ਰਹੀਆਂ। ਉਨ੍ਹਾਂ ਨੂੰ ਪਤਾ ਨਾ ਲੱਗਾ ਕਿ ਕਦੋਂ ਚੁੱਲ੍ਹੇ ਦੀ ਅੱਗ ਸੌਂ ਗਈ। ਕਦੋਂ ਹਰਿਆਣੇ ਵਾਲੇ ਛੋਹਰਿਆਂ ਦਾ ਟੈਂਪੂ ਟਰਾਲੀਆਂ ਵਿਚ ਦੁੱਧ ਵੰਡ ਕੇ ਮੁੜ ਗਿਆ ਅਤੇ ਕਦੋਂ ਮਾਲੇਰਕੋਟਲੇ ਵਾਲੇ ਖਾਨਾਂ ਦਾ ਕੈਂਟਰ ਗੋਭੀ ਦੇ ਗੱਟੇ ਟਰਾਲੀਆਂ ਵਿੱਚ ਵੰਡ ਕੇ ਮੁੜ ਗਿਆ।

‘‘ਬੇਬੇ, ਤੁਸੀਂ ਕੀ ਹੀਰ ਛੇੜੀ ਬੈਠੀਆਂ? ਚਲੋ, ਪੈ ਜੋ ਹੁਣ, ਸਵੇਰੇ ਟੈਮ ਨਾਲ ਚੱਲਾਂਗੇ।’’ ਮਧੀਰ ਵਾਲਾ ਚਰਨਾ ਪਰਲੇ ਪਾਸਿਉਂ ਆਉਂਦਾ ਮੋਬਾਈਲ ’ਤੇ ਉਂਗਲਾਂ ਮਾਰਦਾ ਬੋਲਿਆ।

ਬੇਬੇ ਭਗਵਾਨ ਕੌਰ ਤੇ ਬਸੰਤ ਕੌਰ ਉੱਠੀਆਂ। ਪੋਣੇ ਵਿੱਚ ਬਚੀਆਂ ਪਈਆਂ ਦੋ ਰੋਟੀਆਂ ਦੇ ਚਾਰ ਟੋਟੇ ਕੀਤੇ, ਪਰ੍ਹੇ ਫਿਰਦੇ ਨਿੱਕੇ ਕਤੂਰਿਆਂ ਨੂੰ ਪਾਏ ਅਤੇ ਟਰਾਲੀ ਹੇਠ ਵਿਛੇ ਗੱਦਿਆਂ ’ਤੇ ਪਈਆਂ ਰਜਾਈਆਂ ਵਿਚ ਵੜ ਗਈਆਂ।

ਜਸਵਿੰਦਰ ਸਿੰਘ ਜਸ