ਹਰਦੇਵ ਚੌਹਾਨ

ਸਕੂਲੋਂ ਵਾਪਸ ਆਇਆ ਪਿੰਕੂ ਕੁਝ ਉੱਖੜਿਆ, ਉੱਖੜਿਆ ਵਿਖਾਈ ਦੇ ਰਿਹਾ ਸੀ। ਆਮ ਵਾਂਗ ਉਸ ਦਾ ਹਸੂੰ, ਹਸੂੰ ਕਰਦਾ ਚਿਹਰਾ ਉਤਰਿਆ ਹੋਇਆ ਸੀ। ਅੱਜ ਉਹ ਸਹਿਜ ਨਹੀਂ ਸੀ ਦਿਸ ਰਿਹਾ।
‘ਸਕੂਲ ਵਿੱਚ ਜ਼ਰੂਰ ਕੁਝ ਅਣਕਿਆਸਿਆ ਵਾਪਰਿਆ ਹੋਵੇਗਾ।’ ਮਨ ਹੀ ਮਨ ਮਹਿਸੂਸ ਕਰਦਿਆਂ ਅੰਮੀ ਨੇ ਪੁੱਛਿਆ, ‘‘ਪਿੰਕੂ ਬੇਟੇ! ਅੱਜ ਕਿਸੇ ਗੱਲੋਂ ਸਕੂਲੋਂ ਝਿੜਕਾਂ ਤਾਂ ਨਹੀਂ ਪਈਆਂ?’’
‘‘ਨਹੀਂ ਅੰਮੀ, ਨਹੀਂ ! ਮੇਰੀ ਕਾਪੀ ਵੇਖ ਲਵੋ … ਅੱਜ ਤਾਂ ਮੈਂ ਆਪਣੇ ਹੋਮ ਵਰਕ ਲਈ ‘ਵੈਰੀ ਗੁੱਡ’ ਵੀ ਲੈ ਕੇ ਆਇਆ ਹਾਂ।’’

ਪਿੰਕੂ ਦੇ ਜੁਆਬ ਨਾਲ ਅੰਮੀ ਦੀ ਤਸੱਲੀ ਨਹੀਂ ਸੀ ਹੋਈ। ਰਸੋਈ ਵਿੱਚ ਖਾਣਾ ਬਣਾਉਂਦੀ ਵੀ ਉਹ ਪਿੰਕੂ ਦੇ ਵਰਤੋਂ, ਵਿਹਾਰ ਬਾਰੇ ਸੋਚਾਂ ਸੋਚਦੀ ਰਹੀ। ਦੁਪਹਿਰ ਦਾ ਖਾਣਾ ਪਰੋਸ ਕੇ ਉਸ ਨੇ ਪਿੰਕੂ ਤੇ ਦਫ਼ਤਰੋਂ ਆਏ ਉਸ ਦੇ ਪਾਪਾ ਨੂੰ ਡਾਈਨਿੰਗ ਟੇਬਲ ’ਤੇ ਆਉਣ ਦਾ ਸੱਦਾ ਦੇ ਦਿੱਤਾ। ਪਾਪਾ ਤੇ ਅੰਮੀ ਨਾਲ ਬੈਠ ਪਿੰਕੂ ਨੇ ਅੱਧ,ਪਚੱਧਾ ਖਾਣਾ ਖਾਧਾ ਤੇ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਚਲਾ ਗਿਆ। ਪਿੰਕੂ ਦੇ ਪਿਤਾ ਵੀ ਦੀਵਾਰ ਘੜੀ ਵੇਖਦੇ ਦਫ਼ਤਰ ਚਲੇ ਗਏ। ਪਿੰਕੂ ਸੀ ਤਾਂ ਆਪਣੇ ਕਮਰੇ ਵਿੱਚ ਸੁੱਤਾ ਪਿਆ, ਪਰ ਇੱਧਰ ਉਸ ਦੀ ਜਾਗਦੀ ਅੰਮੀ ਨੂੰ ਫਿਕਰ ਲੱਗਾ ਹੋਇਆ ਸੀ। ਉਹ ਦੱਬੇ ਪੈਰੀਂ ਪਿੰਕੂ ਦੇ ਕਮਰੇ ਵਿੱਚ ਚਲੀ ਗਈ ਤੇ ਉਸ ਦੇ ਬਸਤੇ ਵਿੱਚੋਂ ਹੋਮਵਰਕ ਵਾਲੀ ਡਾਇਰੀ ਕੱਢ ਕੇ ਵੇਖਣ ਲੱਗ ਪਈ। ਡਾਇਰੀ ’ਤੇ ਕੋਈ ਸ਼ਿਕਾਇਤ ਨਹੀਂ ਸੀ ਲਿਖੀ ਹੋਈ ਜਿਸ ਦੇ ਡਰੋਂ ਪਿੰਕੂ ਦਾ ਰੰਗ ਉੱਡਿਆ, ਉੱਡਿਆ ਨਜ਼ਰ ਆ ਰਿਹਾ ਸੀ। ਅੰਮੀ ਨੇ ਫਿਰ ਪਿੰਕੂ ਦਾ ਟਿਫਨ ਚੈੱਕ ਕੀਤਾ। ਟਿਫਨ ਵੀ ਖਾਲੀ ਪਿਆ ਸੀ ਜਿਸ ਵਿਚਲੇ ਬਟਰ-ਬਰੈੱਡ ਵਾਲੇ ਦੋਵੇਂ ਪੀਸ ਉਸ ਨੇ ਖਾਧੇ ਹੋਏ ਸਨ। ਜੇ ਸਕੂਲ ਵਿੱਚ ਉਸ ਦੀ ਤਬੀਅਤ ਖ਼ਰਾਬ ਹੋਈ ਹੁੰਦੀ ਤਾਂ ਉਸ ਨੇ ਆਪਣਾ ਲੰਚ ਬਾਕਸ ਖਾਲੀ ਨਹੀਂ ਸੀ ਕਰਨਾ।
ਸਕੂਲ ਬੈਗ ਵੇਖਦਿਆਂ, ਵੇਖਦਿਆਂ ਅੰਮੀ ਦੇ ਹੱਥ ਇੱਕ ਪੈੱਨ ਲੱਗ ਗਿਆ। ਪੈੱਨ, ਜਿਹੜਾ ਨਵਾਂ ਤਾਂ ਸੀ, ਪਰ ਉਹ ਓਪਰਾ, ਓਪਰਾ ਲੱਗ ਰਿਹਾ ਸੀ। ਨਾ ਕਦੀ ਉਹ ਪੈੱਨ ਉਸ ਦੇ ਪਾਪਾ ਨੇ ਖਰੀਦਿਆ ਸੀ ਤੇ ਨਾ ਕਦੀ ਉਸ ਨੇ ਖਰੀਦਿਆ ਸੀ। ਹੋਵੇ ਨਾ ਹੋਵੇ ਸਾਰਾ ਕਲੇਸ਼ ਇਸੇ ਪੈੱਨ ਦਾ ਪਾਇਆ ਹੋਵੇ। ਬੇਗਾਨੇ ਪੈੱਨ ਨੂੰ ਹੱਥ ਵਿੱਚ ਘੁੰਮਾਉਂਦੀ ਪਿੰਕੂ ਦੀ ਅੰਮੀ ਸੋਚਣ ਲੱਗੀ।
ਅੰਮੀ ਨੂੰ ਪੈੱਨ ਨਹੀਂ, ਜਿਵੇਂ ਕੋਈ ਖ਼ਜ਼ਾਨਾ ਹੱਥ ਵਿੱਚ ਆ ਗਿਆ ਹੋਵੇ ਤੇ ਔਖੀ, ਭਾਰੀ ਬੁਝਾਰਤ ਦਾ ਬੜਾ ਸੌਖਾ ਹੱਲ ਨਿਕਲ ਆਇਆ ਹੋਵੇ। ਅੰਮੀ ਦੀ ਚਿੰਤਾ ਵੀ ਖ਼ਤਮ ਹੋ ਗਈ। ਉਹ ਸੁੱਤੇ ਪਏ ਰਿੰਕੂ ਦੇ ਸਿਰਹਾਣੇ ਜਾ ਖਲੋਤੀ ਤੇ ਲੱਗੀ ਉਸ ਦੇ ਸਾਹਾਂ ਦੀ ਨਿਰਖ, ਪਰਖ ਕਰਨ। ਉਸ ਨੂੰ ਮਹਿਸੂਸ ਹੋਇਆ ਕਿ ਪਿੰਕੂ ਖ਼ੁਦ ਵੀ ਓਪਰਾ ਪੈੱਨ ਲਿਆ ਕੇ ਸੌਖਾ ਨਹੀਂ ਮਹਿਸੂਸ ਕਰ ਰਿਹਾ।
ਕਰਦਿਆਂ, ਕਰਾਉਂਦਿਆਂ ਸ਼ਾਮ ਪੈ ਗਈ। ਅੰਮੀ ਨੇ ਪਿੰਕੂ ਨੂੰ ਬੜੇ ਪਿਆਰ ਨਾਲ ਉਠਾਇਆ। ਚਾਹ, ਪਕੌੜੇ ਖੁਆਏ ਤੇ ਹੋਮ ਵਰਕ ਕਰਨ ਲਈ ਆਪਣੇ ਕੋਲ ਬਿਠਾ ਲਿਆ। ਅੰਮੀ ਨੇ ਬਹਾਨੇ ਸਿਰ ਉਸ ਦੇ ਬਸਤੇ ਵਿੱਚੋਂ ਕਾਪੀ ਕੱਢਣ ਦੇ ਭਾਣੇ ਉਹ ਪੈੱਨ ਵੀ ਨਾਲ ਲੈ ਆਂਦਾ। ਪਿੰਕੂ ਨੂੰ ਪੈੱਨ ਵਿਖਾਉਂਦਿਆਂ ਉਸ ਨੂੰ ਪੁੱਛਿਆ, ‘‘ਬੜਾ ਸੋਹਣਾ ਪੈੱਨ ਏ … ਬੱਚੇ! ਕਿੱਥੋਂ ਲਿਆ ਸੀ?’’
‘‘ਮੰਮੀ! ਮੰਮੀ! ਪਾਪਾ ਨੇ ਲੈ ਕੇ ਦਿੱਤਾ ਸੀ।’’

ਪਿੰਕੂ ਦੇ ਪਾਪਾ ਦਫ਼ਤਰੋਂ ਆਉਣ ਵਾਲੇ ਸਨ। ਜੇ ਘਰ ਹੁੰਦੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਸੋ ਮਸਲੇ ਦਾ ਨਿਪਟਾਰਾ ਪਾਪਾ ਦੇ ਘਰ ਆਉਣ ’ਤੇ ਜਾ ਪਿਆ। ਪਿੰਕੂ ਸਾਹਮਣੇ ਪਾਰਕ ਵਿੱਚ ਖੇਡਣ ਗਿਆ ਹੋਇਆ ਸੀ। ਮਗਰੋਂ ਉਸ ਦੇ ਪਾਪਾ ਵੀ ਘਰ ਆ ਗਏ। ਕੱਪੜੇ ਬਦਲ ਕੇ ਬੈਠਿਆਂ ਨੂੰ ਪਿੰਕੂ ਦੀ ਅੰਮੀ ਨੇ ਚਾਹ, ਪਾਣੀ ਪਿਆਇਆ। ਜਦੋਂ ਉਹ ਚਾਹ ਪਾਣੀ ਤੋਂ ਵਿਹਲੇ ਹੋਏ ਤਾਂ ਉਹ ਪਿੰਕੂ ਵਾਲਾ ਪੈੱਨ ਵਿਖਾਉਂਦਿਆਂ ਉਨ੍ਹਾਂ ਨੂੰ ਪੁੱਛਣ ਲੱਗੀ, ‘‘ਏ ਜੀ! ਆਹ ਵਾਲਾ ਪੈੱਨ ਤੁਸੀਂ ਲੈ ਕੇ ਦਿੱਤਾ ਸੀ ਪਿੰਕੂ ਨੂੰ?’’
‘‘ਨਹੀਂ ਤਾਂ… ਪਰ ਏਡਾ ਮਹਿੰਗਾ ਪੈੱਨ ਪਿੰਕੂ ਕੋਲ ਕਿੱਥੋਂ ਆਇਆ?’’ ਕੁਝ ਦੱਸਣ ਦੀ ਥਾਂ ਪਿੰਕੂ ਦੇ ਪਾਪਾ ਉਲਟਾ ਪ੍ਰਸ਼ਨ ਪੁੱਛਣ ਲੱਗੇ। ‘‘ਬੱਸ ਫਿਰ… ਸਕੂਲੋਂ ਚੋਰੀ ਕਰ ਕੇ ਲਿਆਇਆ ਹੋਏਗਾ, ਪਰ ਪਹਿਲਾਂ ਤਾਂ ਕਦੀ ਚੋਰੀ ਨਹੀਂ ਕੀਤੀ ਸਾਡੇ ਪਿੰਕੂ ਨੇ।’’ ਪਿੰਕੂ ਦੀ ਅੰਮੀ ਬੁਦਬੁਦਾਈ।
ਬਾਹਰੋਂ ਪਿੰਕੂ ਨੂੰ ਆਉਂਦਾ ਵੇਖ ਕੇ ਪਿੰਕੂ ਦੀ ਅੰਮੀ ਤੇ ਪਾਪਾ ਚੁੱਪ ਕਰ ਗਏ।
‘‘ਪਿੰਕੂ ਰਾਜੇ! ਚਲੋ ਬੂਟ, ਜੁਰਾਬਾਂ ਪਾਉ, ਬਾਜ਼ਾਰ ਚੱਲੀਏ।’’ ਮੰਮੀ ਨੇ ਪਿੰਕੂ ਨੂੰ ਕਿਹਾ।
ਇੱਧਰ ਅੰਮੀ ਨੇ ਹੁਕਮ ਸੁਣਾਇਆ, ਉੱਧਰ ਪਿੰਕੂ ਬਾਦਸ਼ਾਹ ਕੱਪੜੇ ਪਾ ਕੇ ਬਾਬੂ ਬਣ ਗਿਆ। ਪਾਪਾ ਨੇ ਕਾਰ ਸਟਾਰਟ ਕੀਤੀ ਤੇ ਸਾਰੇ ਜਣੇ ਬਾਜ਼ਾਰ ਚਲੇ ਗਏ। ਇੱਧਰ, ਉੱਧਰ ਜਾਣ ਦੀ ਥਾਂ ਪਿੰਕੂ ਦੇ ਅੰਮੀ ਸਾਰਿਆਂ ਨੂੰ ਸ਼ਟੇਸ਼ਨਰੀ ਵਾਲੀ ਦੁਕਾਨ ’ਤੇ ਲੈ ਗਏ। ਉਨ੍ਹਾਂ ਨੇ ਦੁਕਾਨਦਾਰ ਨੂੰ ਵਧੀਆ ਤੋਂ ਵਧੀਆ ਪੈੱਨ ਵਿਖਾਉਣ ਲਈ ਕਿਹਾ ਤੇ ਨਾਲ ਹੀ ਉਨ੍ਹਾਂ ਨੇ ਪਿੰਕੂ ਨੂੰ ਵੀ ਮਨ ਮਰਜ਼ੀ ਦਾ ਪੈੱਨ ਖ਼ਰੀਦਣ ਲਈ ਹੱਲਾਸ਼ੇਰੀ ਦਿੱਤੀ।

ਵੇਖਦਿਆਂ, ਵੇਖਦਿਆਂ ਪਿੰਕੂ ਨੇ ਦੋ ਪੈੱਨ ਪਸੰਦ ਕਰ ਲਏ ਜਿਨ੍ਹਾਂ ਵਿੱਚ ਇੱਕ ਪੈੱਨ ਤਾਂ ਇਨ ਬਿਨ ਉਸ ਦੇ ਬਸਤੇ ’ਚੋਂ ਨਿਕਲੇ ਪੈੱਨ ਵਰਗਾ ਹੀ ਸੀ। ਪੈੱਨ ਖ਼ਰੀਦ ਉਹ ਰੈਸਟੋਰੈਂਟ ਵਿੱਚ ਚਲੇ ਗਏ। ਰਾਤ ਦਾ ਖਾਣਾ ਖਾਧਾ ਤੇ ਹੱਸਦੇ, ਗਾਉਂਦੇ ਘਰ ਮੁੜ ਆਏ।

ਸੌਣ ਤੋਂ ਪਹਿਲਾਂ ਅੰਮੀ ਨੇ ਪਿੰਕੂ ਨੂੰ ਉਸ ਦੇ ਬੈਗ ਵਿੱਚੋਂ ਕੱਢਿਆ ਹੋਇਆ ਪੈੱਨ ਵਿਖਾਉਂਦਿਆਂ ਪੁੱਛਿਆ, ‘‘ਬੇਟੇ! ਵੇਖ। ਇੱਕ ਆਹ ਪੈੱਨ ਵੀ ਤੇਰੇ ਕੋਲ ਸੀ ਤੇ ਆਪਾਂ ਭਲਾ ਹੋਰ ਨਵਾਂ ਪੈੱਨ ਕਿਉਂ ਖ਼ਰੀਦਿਆ?’’

‘‘ਅੰਮੀ! ਅੰਮੀ! ਦੁਪਹਿਰੇ ਮੈਂ ਝੂਠ ਬੋਲਿਆ ਸੀ। ਪਲੀਜ਼ ਮੈਨੂੰ ਮੁਆਫ਼ ਕਰ ਦਿਉ। ਇਹ ਪੈੱਨ ਮੈਂ ਆਪਣੀ ਅਧਿਆਪਕ ਦੇ ਟੇਬਲ ਤੋਂ ਚੁੱਕਿਆ ਸੀ।’’ ਪਿੰਕੂ ਨੇ ਕਿਹਾ ਤੇ ਡਡਿਆ ਕੇ ਰੋਣ ਲੱਗ ਪਿਆ।

‘‘ਵੈਰੀ ਗੁੱਡ! ਰਾਜੇ ਬੇਟੇ। ਤੇਰੇ ਸੱਚ ਬੋਲਣ ’ਤੇ ਮੈਂ ਬੜੀ ਖੁਸ਼ ਹਾਂ। ਹੁਣ ਤੈਨੂੰ ਕਿਸੇ ਕੋਲੋਂ ਡਰਨ ਦੀ ਲੋੜ ਵੀ ਨਹੀਂ। ਆਪਾਂ ਤੇਰੇ ਨਾਲ ਹਾਂ। ਜੇ ਤੂੰ ਚਾਹੇ ਤਾਂ ਕੱਲ੍ਹ ਨੂੰ ਮੈਂ ਜਾਂ ਤੇਰੇ ਪਾਪਾ ਸਕੂਲ ਜਾਵਾਂਗੇ ਤੇ ਤੇਰੀ ਅਧਿਆਪਕ ਨੂੰ ਇਹ ਪੈੱਨ ਵੀ ਵਾਪਸ ਮੋੜ ਆਵਾਂਗੇ। ਹੁਣ ਸਾਡੇ ਪਿਆਰੇ ਬੱਚੇ ਨੂੰ ਬੇਫ਼ਿਕਰ ਹੋ ਕੇ ਆਰਾਮ ਨਾਲ ਸੌਣਾ ਚਾਹੀਦਾ ਹੈ।’’ ਪਿੰਕੂ ਦੀਆਂ ਅੱਖਾਂ ਵਿੱਚੋਂ ਗਲੇਡੂ ਪੂੰਝਦਿਆਂ ਤੇ ਪਿਆਰਦਿਆਂ ਉਸ ਦੀ ਅੰਮੀ ਨੇ ਪਿਆਰ ਨਾਲ ਕਿਹਾ।

‘‘ਨਾ ਅੰਮੀ! ਜੇ ਤੁਸੀਂ ਇੰਜ ਕਰੋਗੇ ਤਾਂ ਅਧਿਆਪਕ ਸਮੇਤ ਮੇਰੀ ਜਮਾਤ ਦੇ ਸਾਰੇ ਸਾਥੀ ਮੈਨੂੰ ਚੋਰ ਸਮਝਣਗੇੇ।’’

‘‘ਨਹੀਂ ਬੇਟੇ! ਅਸੀਂ ਬੜੇ ਧਿਆਨ ਨਾਲ ਤੇਰੀ ਅਧਿਆਪਕ ਨਾਲ ਗੱਲ ਕਰਾਂਗੇ ਤੇ ਉਨ੍ਹਾਂ ਨੂੰ ਕਹਾਂਗੇ ਕਿ ਹੋਮ ਵਰਕ ਚੈੱਕ ਕਰਦਿਆਂ ਉਨ੍ਹਾਂ ਦਾ ਪੈੱਨ ਵੀ ਕਾਪੀ ਵਿੱਚ ਪਿਆ ਸਾਡੇ ਘਰ ਆ ਗਿਆ ਸੀ।’’

‘‘ਅੰਮੀ! ਅੰਮੀ! ਸਾਡੀ ਅਧਿਆਪਕ ਨੂੰ ਤੁਸੀਂ ਬਾਜ਼ਾਰੋਂ ਖਰੀਦਿਆ ਨਵਾਂ ਪੈੱਨ ਮੋੜਿਓ, ਉਨ੍ਹਾਂ ਵਾਲਾ ਅਸਲੀ ਪੈੱਨ ਦੂਜੇ ਬੱਚਿਆਂ ਨੂੰ ਬੜੇ ‘ਵੈਰੀ ਗੁੱਡ’ ਦਿੰਦਾ ਜੇ। ਹੁਣ ਵੇਖਿਉ, ਮੈਂ ਵੀ ਉਸ ਪੈੱਨ ਨਾਲ ਹੋਮ ਵਰਕ ਕਰਕੇ ਰੋਜ਼, ਰੋਜ਼ ਵੈਰੀ ਗੁੱਡ ਤੇ ਸਟਾਰ ਲੈ, ਲੈ ਕੇ ਆਪਣੀਆਂ ਕਾਪੀਆਂ ਭਰ ਲਵਾਂਗਾ।’’ ਪਿੰਕੂ ਦੇ ਸਿਰੋਂ ਜਿਵੇਂ ਮਣਾ ਮੂੰਹੀਂ ਭਰ ਲਹਿ ਗਿਆ ਹੋਏ। ਮੁਸਕਰਾਉਂਦੇ ਹੋਏ ਉਸ ਨੇ ਉਬਾਸੀ ਲਈ ਤੇ ਪਾਸਾ ਮੋੜ ਕੇ ਘੂਕ ਸੌਂ ਗਿਆ।