ਓਟਵਾ, 31 ਅਕਤੂਬਰ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ 43ਵੀਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਉੱਤੇ ਉਹ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਲਾਗੂ ਹੋਇਆ ਵੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਨਿਊ ਡੈਮੋਕ੍ਰੈਟਸ ਵੱਲੋਂ ਸਰਕਾਰ ਨੂੰ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਚਾਈਲਡ ਵੈਲਫੇਅਰ ਫੈਸਲੇ ਬਾਰੇ ਆਪਣੀ ਅਪੀਲ ਨੂੰ ਵਾਪਿਸ ਲੈਣ ਲਈ ਵੀ ਦਬਾਅ ਪਾਇਆ ਜਾਵੇਗਾ।
ਜਗਮੀਤ ਸਿੰਘ ਨੇ ਦੱਸਿਆ ਕਿ ਫਾਰਮਾਕੇਅਰ ਸਬੰਧੀ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਪ੍ਰਕਿਰਿਆ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਨੂੰ ਅੱਗੇ ਵਧਾਉਣ ਲਈ ਬਹੁਗਿਣਤੀ ਐਮਪੀਜ਼ ਦੇ ਸਮਰਥਨ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਸਰਕਾਰ ਦੇ ਚਾਈਲਡ ਵੈੱਲਫੇਅਰ ਸਿਸਟਮ ਤਹਿਤ ਜਿਨ੍ਹਾਂ ਫਰਸਟ ਨੇਸ਼ਨਜ਼ ਦੇ ਬੱਚਿਆਂ ਨਾਲ ਵਿਤਕਰਾ ਹੋਇਆ ਉਨ੍ਹਾਂ ਨੂੰ ਮੁਆਵਜ਼ਾ ਦੇਣ ਲਈ ਦਿੱਤੇ ਗਏ ਹੁਕਮਾਂ ਖਿਲਾਫ ਪਾਈ ਅਪੀਲ ਨੂੰ ਵਾਪਿਸ ਲੈਣ ਲਈ ਵੀ ਐਨਡੀਪੀ ਸਰਕਾਰ ਉੱਤੇ ਦਬਾਅ ਪਾਵੇਗੀ।
ਜਗਮੀਤ ਸਿੰਘ ਨੇ ਆਖਿਆ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਹਨ ਕਿ ਸਰਕਾਰ ਹੋਰਨਾਂ ਪਾਰਟੀਆਂ ਨਾਲ ਰਲ ਕੇ ਕੰਮ ਕਰੇ ਤੇ ਇਸ ਲਈ ਸਰਕਾਰ ਨੂੰ ਅਜਿਹਾ ਕਰਨਾ ਹੀ ਹੋਵੇਗਾ। ਨਵੇਂ ਐਮਪੀਜ਼ ਨਾਲ ਓਰੀਐਂਟੇਸ਼ਨ ਅਜੇ ਨਹੀਂ ਹੋਈ ਪਰ ਐਨਡੀਪੀ ਨੇ ਆਖਿਆ ਕਿ ਇਸ ਨੂੰ ਸਾਡੇ ਕਾਕਸ ਦਾ ਓਰੀਐਂਟੇਸ਼ਨ ਸੈਸ਼ਨ ਹੀ ਮੰਨਿਆ ਜਾਣਾ ਚਾਹੀਦਾ ਹੈ। ਪਾਰਟੀ ਵਿੱਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਚਿਰਾਂ ਤੋਂ ਚੱਲੇ ਆ ਰਹੇ ਕਈ ਐਮਪੀਜ਼ ਨੂੰ ਆਪਣੀਆਂ ਸੀਟਾਂ ਤੋਂ ਵੀ ਹੱਥ ਧੁਆਉਣੇ ਪਏ ਹਨ।
ਹਾਲਾਂਕਿ ਐਨਡੀਪੀ 43ਵੀਂ ਪਾਰਲੀਆਮੈਂਟ ਵਿੱਚ ਪਹਿਲਾਂ ਨਾਲੋਂ ਘੱਟ ਸੀਟਾਂ ਨਾਲ ਜਾਵੇਗੀ ਪਰ ਇਸ ਘੱਟ ਗਿਣਤੀ ਸਰਕਾਰ ਵਿੱਚ ਐਨਡੀਪੀ ਕੋਲ 24 ਸੀਟਾਂ ਹਨ ਤੇ ਉਸ ਨੂੰ ਅਹਿਮ ਭੂਮਿਕਾ ਨਿਭਾਏ ਜਾਣ ਦੀ ਆਸ ਹੈ। ਜਗਮੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਸਾਡੀ ਲੋੜ ਹੈ ਤੇ ਅਸੀਂ ਇਸ ਲਈ ਤਿਆਰ ਹਾਂ ਪਰ ਅਸੀਂ ਉਨ੍ਹਾਂ ਨੂੰ ਜਵਾਬਦੇਹ ਵੀ ਬਣਾਵਾਂਗੇ ਕਿਉਂਕਿ ਅਸੀਂ ਕੈਨੇਡੀਅਨਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਾਂ। ਥੳੰਜਗਮੀਤ ਸਿੰਘ ਨੇ ਇਹ ਵੀ ਆਖਿਆ ਕਿ ਉਹ ਐਸਐਨਸੀ-ਲਾਵਾਲਿਨ ਮਾਮਲੇ ਨੂੰ ਮੁੜ ਖੁਲ੍ਹਵਾਉਣਾ ਚਾਹੁਣਗੇ। ਇਹ ਪੁੱਛੇ ਜਾਣ ਉੱਤੇ ਕਿ ਕਾਕਸ ਦਾ ਆਕਾਰ ਵੀ ਹੁਣ ਪਹਿਲਾਂ ਨਾਲੋਂ ਛੋਟਾ ਰਹਿ ਗਿਆ ਹੈ ਤਾਂ ਜਗਮੀਤ ਸਿੰਘ ਨੇ ਆਖਿਆ ਕਿ ਇਹ ਵੀ ਉਨ੍ਹਾਂ ਲਈ ਸਹੀ ਹੈ ਤੇ ਜਿਹੜੀ ਕੈਂਪੇਨ ਉਨ੍ਹਾਂ ਚਲਾਈ ਉਸ ਉੱਤੇ ਉਨ੍ਹਾਂ ਨੂੰ ਮਾਣ ਹੈ।