ਇਸਲਾਮਾਬਾਦ, 28 ਮਾਰਚ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਹਟਾਉਣ ਲਈ ਪਾਕਿਸਤਾਨ ਦੀ ਸੰਸਦ ਵਿੱਚ ਅੱਜ ਬੇਭਰੋਸਗੀ ਮਤਾ ਰੱਖਿਆ ਗਿਆ। ਇਸ ’ਤੇ ਹੁਣ ਸਦਨ ਵਿੱਚ ਚਰਚਾ ਹੋਣੀ ਹੈ। ਇਸ ਮਤੇ ਨੂੰ ਵਿਰੋਧੀ ਧਿਰ ਦੇ ਆਗੂ ਅਤੇ ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਪੇਸ਼ ਕੀਤਾ ਹੈ। ਸਾਲ 2018 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਇਮਰਾਨ ਦੀ ਇਹ ਇਸ ਸਮੇਂ ਸਭ ਤੋਂ ਮੁਸ਼ਕਲ ਸਿਆਸੀ ਪ੍ਰੀਖਿਆ ਹੈ। ਦੋ ਦਿਨਾਂ ਦੀ ਛੁੱਟੀ ਮਗਰੋਂ ਸਦਨ ਦਾ ਸੈਸ਼ਨ ਸ਼ੁਰੂ ਹੋਣ ’ਤੇ ਸ਼ਰੀਫ਼ ਨੇ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਦੇਣ ਲਈ ਮਤਾ ਪੇਸ਼ ਕੀਤਾ, ਜਿਸ ਨੂੰ 161 ਵੋਟਾਂ ਨਾਲ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਫਿਰ ਸਪੀਕਰ ਅਸਦ ਕੈਦਰ ਦੀ ਗ਼ੈਰ-ਮੌਜੂਦਗੀ ਵਿੱਚ ਸੰਸਦ ਦੀ ਪ੍ਰਧਾਨਗੀ ਕਰ ਰਹੇ ਡਿਪਟੀ ਸਪੀਕਰ ਕਾਸਿਮ ਖ਼ਾਨ ਸੂਰੀ ਨੇ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਮਤੇ ’ਤੇ ਵੋਟਿੰਗ 31 ਮਾਰਚ ਨੂੰ ਸ਼ਾਮ ਚਾਰ ਵਜੇ ਹੋਵੇਗੀ।  ਉਦੋਂ ਤੱਕ ਲਈ ਸੈਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਮਰਾਨ ਸਰਕਾਰ ਨੂੰ ਡਿਗਾਉਣ ਲਈ 342 ਮੈਂਬਰੀ ਸੰਸਦ ਵਿੱਚ ਵਿਰੋਧੀ ਧਿਰ ਨੂੰ 172 ਵੋਟਾਂ ਦੀ ਲੋੜ ਹੋਵੇਗੀ। ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਦੇ 155 ਮੈਂਬਰ ਹਨ। ਉਸ ਨੂੰ ਵੀ ਸਰਕਾਰ ਬਚਾਉਣ ਲਈ 172 ਮੈਂਬਰਾਂ ਦੀ ਜ਼ਰੂਰਤ ਪਵੇਗੀ। ਉਧਰ, ਪਾਕਿਸਤਾਨ ਵਿੱਚ ਵਿਰੋਧੀ ਧਿਰ ਨੇ ਅੱਜ ਪ੍ਰਧਾਨ ਇਮਰਾਨ ਖ਼ਾਨ ਦੇ ਕਰੀਬੀ ਅਤੇ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਖ਼ਿਲਾਫ਼ ਵੀ ਬੇਭਰੋਸਗੀ ਮਤਾ ਸੌਂਪਿਆ ਹੈ।