ਇਸਲਾਮਾਬਾਦ:ਪਾਕਿਸਤਾਨ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਅਤੇ ਇੱਕ ਹੋਰ ਵਿਅਕਤੀ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਭਗੌੜਾ ਕਰਾਰ ਦਿੱਤਾ ਹੈ। ‘ਦਿ ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਲਾਹੌਰ ਸਪੈਸ਼ਲ ਕੋਰਟ (ਸੈਂਟਰਲ-1) ਨੇ ਸੁਲੇਮਾਨ ਅਤੇ ਤਾਹਿਰ ਨਕਵੀ ਨੂੰ ਭਗੌੜਾ ਐਲਾਨਿਆ ਹੈ ਕਿਉਂਕਿ ਉਹ ਸੰਮਨ ਭੇਜਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਤੇ ਸੁਲੇਮਾਨ ਨੂੰ ਨਵੰਬਰ 2020 ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਨਾਮਜ਼ਦ ਕੀਤਾ ਸੀ। ਅੱਜ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੰਘੀ ਏਜੰਸੀ ਨੂੰ ਸੁਲੇਮਾਨ ਤੇ ਨਕਵੀ ਦੀਆਂ ਜਾਇਦਾਦਾਂ ਦੇ ਵੇਰਵਿਆਂ ਦੇ ਨਾਲ ਨਾਲ ਮਕਸੂਦ ਦੀ ਮੌਤ ਦਾ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ।