ਕਰਾਚੀ (ਪਾਕਿਸਤਾਨ), 9 ਜੂਨ

ਪਾਕਿਸਤਾਨੀ ਸ਼ਹਿਰ ਕਰਾਚੀ ਵਿਚ ਹਿੰਦੂ ਮੰਦਰ ਵਿਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਵਿੱਚ ਭੰਨਤੋੜ ਦਾ ਇਹ ਤਾਜ਼ਾ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਦੇ ਸ੍ਰੀ ਮਾਰੀ ਮਾਤਾ ਮੰਦਰ ਵਿੱਚ ਬੁੱਧਵਾਰ ਨੂੰ ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਇਹ ਮੰਦਰ ਕੋਰੰਗੀ ਥਾਣਾ ਖੇਤਰ ਦੇ ‘’ਜੇ’ ਖੇਤਰ ’ਚ ਸਥਿਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਮੰਦਰ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ। ਇਸ ਘਟਨਾ ਕਾਰਨ ਕਰਾਚੀ ਦੇ ਹਿੰਦੂ ਭਾਈਚਾਰੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਲਾਕੇ ਦੇ ਰਹਿਣ ਵਾਲੇ ਸੰਜੀਵ ਨੇ ਦੱਸਿਆ ਕਿ ਮੋਟਰਸਾਈਕਲਾਂ ‘ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ ‘ਚ ਆਏ ਅਤੇ ਮੰਦਰ ‘ਤੇ ਹਮਲਾ ਕਰ ਦਿੱਤਾ। ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।