ਐੈੱਸ.ਏ.ਐੱਸ. ਨਗਰ (ਮੁਹਾਲੀ), 29 ਮਈ

ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਪੰਜਾਬ ਦੀਆਂ ਔਰਤਾਂ ਆਪਣੇ ਘਰਾਂ ਦਾ ਚੁੱਲ੍ਹਾ-ਚੌਂਕਾ ਛੱਡ ਕੇ ਸੜਕਾਂ ’ਤੇ ਉਤਰ ਆਈਆਂ ਹਨ। ਉਨ੍ਹਾਂ ਨੇ ਈਡੀ ਵੱਲੋਂ ਡਾ. ਨਵਸ਼ਰਨ ਕੌਰ ਨੂੰ ਪ੍ਰੇਸ਼ਾਨ ਕਰਨ ਦਾ ਮੁੱਦਾ ਵੀ ਚੁੱਕਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਪੰਜਾਬ ਭਰ ’ਚੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਬਾਹਰ ਇਕੱਠੀਆਂ ਹੋਈਆਂ ਹਜ਼ਾਰਾਂ ਔਰਤਾਂ ਨੇ ਅੱਜ ਸਿਖਰ ਦੁਪਹਿਰੇ ਰਾਜ ਭਵਨ ਵੱਲ ਕੂਚ ਕੀਤਾ ਪਰ ਮੁਹਾਲੀ ਪੁਲੀਸ ਨੇ ਜਬਰਦਸਤ ਬੈਰੀਕੇਡਿੰਗ ਕਰ ਕੇ ਪ੍ਰਦਰਸ਼ਨਕਾਰੀ ਔਰਤਾਂ ਦਾ ਰਾਹ ਡੱਕ ਲਿਆ। ਇਸ ਤੋਂ ਬਾਅਦ ਉਹ ਮੁਹਾਲੀ-ਬੁੜੈਲ ਜੇਲ੍ਹ ਸੜਕ ’ਤੇ ਹੀ ਧਰਨਾ ਲਗਾ ਕੇ ਬੈਠ ਗਈਆਂ। ਯੂਟੀ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਨੇ ਮੌਕੇ ’ਤੇ ਪਹੁੰਚ ਕੇ ਕਿਸਾਨ ਬੀਬੀਆਂ ਤੋਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਹਾਸਲ ਕੀਤਾ।

ਇਸ ਮੌਕੇ ਕਿਸਾਨ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ ਪਰਮਜੀਤ ਕੌਰ ਸਲੇਮਗੜ੍ਹ, ਕਮਲਜੀਤ ਕੌਰ ਬਰਨਾਲਾ, ਮਨਦੀਪ ਕੌਰ ਬਾਰਨ, ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਧਰਨੇ ਨੂੰ ਸੰਬੋਧਨ ਕੀਤਾ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਡਾ. ਨਵਸ਼ਰਨ ਦੇ ਪਰਿਵਾਰ ਵੱਲੋਂ ਡਾ. ਅਰੀਤ, ਰੰਗਕਰਮੀ ਡਾ. ਸਾਹਿਬ ਸਿੰਘ ਤੇ ਕੇਵਲ ਧਾਲੀਵਾਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦਪੁਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਡਾਕਟਰ ਸੁਖਦੇਵ ਸਿਰਸਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਕਿਸਾਨਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਮੰਗ ਕੀਤੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਦੋ ਕੇਸਾਂ ਵਿੱਚ ਨਾਮਜ਼ਦ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜਮਹੂਰੀ ਹੱਕਾਂ ਦੀ ਉੱਘੀ ਸ਼ਖ਼ਸੀਅਤ ਡਾ. ਨਵਸ਼ਰਨ ਨੂੰ ਈਡੀ ਰਾਹੀਂ ਤੰਗ ਕਰਨਾ ਬੰਦ ਕੀਤਾ ਜਾਵੇ।

ਬੁਲਾਰਿਆਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਨਾਲ ਅਨਿਆਂ, ਜਬਰ ਜਨਾਹ ਤੇ ਵਧੀਕੀਆਂ ਦੇ ਮਾਮਲੇ ਸਿਖ਼ਰਾਂ ਛੋਹ ਰਹੇ ਹਨ। ਮੋਦੀ ਸਰਕਾਰ ਇਨਸਾਫ਼ ਦੇਣ ਦੀ ਥਾਂ ਜ਼ਿੰਮੇਵਾਰ ਆਗੂ ਦੀ ਪੁਸ਼ਤਪਨਾਹੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਦਰ ਅਣਐਲਾਨੀ ਐਮਰਜੈਂਸੀ ਲਾਗੂ ਕਰ ਰਹੀ ਹੈ। ਉਨ੍ਹਾਂ ਡਾ. ਨਵਸ਼ਰਨ ਸਮੇਤ ਹੋਰਾਂ ਔਰਤ ਕਾਰਕੁਨਾਂ ਤੋਂ ਹੱਥ ਪਰੇ ਰੱਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਆਪਣੀ ਹਰਕਤਾਂ ਤੋਂ ਬਾਜ਼ ਨਾ ਆਈ ਤਾਂ ਹੁਕਮਰਾਨਾਂ ਨੂੰ ਜਨਤਕ ਸੰਘਰਸ਼ ਦਾ ਸੇਕ ਝੱਲਣਾ ਪਵੇਗਾ।