ਓਟਵਾ, 21 ਅਕਤੂਬਰ : ਇਸ ਸਮੇਂ ਕੈਨੇਡੀਅਨਜ਼ ਦੇ ਮਨਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦੋ ਉਮੀਦਵਾਰਾਂ ਦੇ ਨਾਂ ਘੁੰਮ ਰਹੇ ਹਨ। ਇਸ ਸਬੰਧ ਵਿੱਚ ਜਸਟਿਨ ਟਰੂਡੋ ਤੇ ਪਿਏਰ ਪੌਲੀਏਵਰ ਦਰਮਿਆਨ ਮੁਕਾਬਲਾ ਕਾਫੀ ਸਖ਼ਤ ਹੈ।
ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ 30 ਫੀ ਸਦੀ ਕੈਨੇਡੀਅਨਜ਼ ਲਈ ਪਸੰਦੀਦਾ ਪ੍ਰਧਾਨ ਮੰਤਰੀ ਪਿਏਰ ਪੌਲੀਏਵਰ ਹਨ ਪਰ ਇਸ ਮਾਮਲੇ ਵਿੱਚ ਟਰੂਡੋ ਵੀ ਕੋਈ ਬਹੁਤ ਪਿੱਛੇ ਨਹੀਂ ਹਨ। 29·8 ਫੀ ਸਦੀ ਕੈਨੇਡੀਅਨਜ਼ ਵੱਲੋਂ ਉਨ੍ਹਾਂ ਨੂੰ ਹੀ ਆਪਣਾ ਪਸੰਦੀਦਾ ਪ੍ਰਧਾਨ ਮੰਤਰੀ ਮੰਨਿਆ ਜਾਂਦਾ ਹੈ।ਪਿਛਲੇ ਚਾਰ ਹਫਤਿਆਂ ਦੇ ਅਰਸੇ ਵਿੱਚ ਪ੍ਰਧਾਂਨ ਮੰਤਰੀ ਵਜੋਂ ਕੰਜ਼ਰਵੇਟਿਵ ਆਗੂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਿੱਚ ਅਚਾਨਕ 11·6 ਫੀ ਸਦੀ ਅੰਕਾਂ ਦਾ ਵਾਧਾ ਹੋਇਆ ਹੈ ਜਦਕਿ ਪ੍ਰਧਾਨ ਮੰਤਰੀ ਵਜੋਂ ਟਰੂਡੋ ਨੂੰ ਸਮਰਥਨ ਦੇਣ ਵਾਲਿਆਂ ਦੀ ਗਿਣਤੀ ਵਿੱਚ 2·4 ਫੀ ਸਦੀ ਅੰਕਾਂ ਦਾ ਵਾਧਾ ਹੋਇਆ ਹੈ। ਨੈਨੋਜ਼ ਨੇ ਪਾਇਆ ਕਿ ਚਾਰ ਹਫਤੇ ਪਹਿਲਾਂ ਕਰਵਾਏ ਗਏ ਸਰਵੇਖਣ ਸਮੇਂ ਕੈਂਡਿਸ ਬਰਜ਼ਨ ਹੀ ਅੰਤਰਿਮ ਕੰਜ਼ਰਵੇਟਿਵ ਆਗੂ ਸੀ।
ਨੈਨੋਜ਼ ਨੇ ਆਖਿਆ ਕਿ ਲੀਡਰਸਿ਼ਪ ਤੇ ਅਸਲ ਅੰਕੜਿਆਂ ਦੇ ਸਬੰਧ ਵਿੱਚ ਪਿਏਰ ਪੌਲੀਏਵਰ ਦੀ ਸਥਿਤੀ ਵਿੱਚ ਇਸ ਨੂੰ ਸੁਧਾਰ ਮੰਨਿਆ ਜਾ ਸਕਦਾ ਹੈ। ਇਸ ਦੌਰਾਨ 14·9 ਫੀ ਸਦੀ ਕੈਨੇਡੀਅਨਜ਼ ਨੇ ਆਖਿਆ ਕਿ ਉਹ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਵੇਖਣਾ ਚਾਹੁਣਗੇ, ਜੋ ਕਿ ਚਾਰ ਹਫਤੇ ਪਹਿਲਾਂ ਨਾਲੋਂ 6·0 ਫੀ ਸਦ ਪੁਆਇੰਟਸ ਨਾਲ ਘੱਟ ਹੈ। 14 ਫੀ ਸਦੀ ਨੇ ਆਖਿਆ ਕਿ ਉਹ ਕਿਸੇ ਵੀ ਆਗੂ ਨੂੰ ਤਰਜੀਹ ਨਹੀਂ ਦੇਣਗੇ।