ਰਣਜੀਤ ਸਿੰਘ ਰਾਏ

ਸਕੂਲ ਲੱਗਣ ਦਾ ਅੱਜ ਆਖਰੀ ਦਿਨ ਸੀ। ਕੱਲ੍ਹ ਤੋਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਸਨ। ਸਾਰੇ ਅਧਿਆਪਕ ਆਪੋ-ਆਪਣੀ ਜਮਾਤ ਦੇ ਬੱਚਿਆਂ ਨੂੰ ਕੰਮ ਦੇਣ ਵਿੱਚ ਮਸ਼ਰੂਫ ਸਨ। ਮਾਸਟਰ ਰਤਨ ਲਾਲ ਵੀ ਆਪਣੀ ਜਮਾਤ ਦੇ ਬੱਚਿਆਂ ਨੂੰ ਕੰਮ ਦੇਣ ਲਈ ਜਮਾਤ ਵਿੱਚ ਪਹੁੰਚੇ। ਉਹ ਅੱਠਵੀਂ ਜਮਾਤ ਦੇ ਇੰਚਾਰਜ ਸਨ।
ਜਮਾਤ ਵਿੱਚ ਪਹੁੰਚਦਿਆਂ ਹੀ ਮਾਸਟਰ ਜੀ ਨੇ ਵੇਖਿਆ ਕਿ ਸਾਰੇ ਬੱਚਿਆਂ ਦੇ ਚਿਹਰੇ ’ਤੇ ਖੁਸ਼ੀ ਛਾਈ ਹੋਈ ਸੀ। ਉਹ ਇੱਕ-ਦੂਸਰੇ ਨਾਲ ਛੁੱਟੀਆਂ ਦੌਰਾਨ ਕਿਤੇ ਜਾਣ ਦੀ ਯੋਜਨਾ ਸਾਂਝੀ ਕਰ ਰਹੇ ਸਨ। ਕੋਈ ਮਾਸੀ ਕੋਲ, ਕੋਈ ਭੂਆ ਕੋਲ, ਕੋਈ ਨਾਨਕੇ ਤੇ ਕੋਈ ਕਿਸੇ ਜਗ੍ਹਾ ਘੁੰਮਣ ਦੀ ਸਲਾਹ ਬਣਾ ਰਿਹਾ ਸੀ।
ਮਾਸਟਰ ਰਤਨ ਲਾਲ ਜੀ ਬੋਲੇ, ‘‘ਕੱਢੋ ਬਈ ਬੱਚਿਓ ਆਪਣੀਆਂ ਡਾਇਰੀਆਂ ਤੇ ਕੰਮ ਨੋਟ ਕਰੋ।’’
‘‘ਜੀ! ਸਰ।’’ ਕਹਿ ਕੇ ਬੱਚੇ ਫਟਾਫਟ ਬਸਤਿਆਂ ਵਿੱਚੋਂ ਡਾਇਰੀਆਂ ਕੱਢਣ ਲੱਗ ਪਏ। ਮਾਸਟਰ ਜੀ ਨੇ ਛੁੱਟੀਆਂ ਦਾ ਕੰਮ ਨੋਟ ਕਰਵਾਉਣਾ ਸ਼ੁਰੂ ਕੀਤਾ। ਪਹਿਲਾਂ ਅੰਗਰੇਜ਼ੀ ਵਿਸ਼ੇ ਦਾ ਕੰਮ ਨੋਟ ਕਰਵਾਇਆ ਤੇ ਫੇਰ ਸਮਾਜਿਕ ਵਿਸ਼ੇ ਦਾ।

‘‘ਮਾਸਟਰ ਜੀ ਇਹ ਤਾਂ ਥੋੜ੍ਹਾ ਕੰਮ ਏ ! ਹੋਰਨਾਂ ਅਧਿਆਪਕਾਂ ਨੇ ਤਾਂ ਇਸ ਤੋਂ ਜ਼ਿਆਦਾ ਕੰਮ ਦਿੱਤਾ ਹੈ।’’ ਕੁਝ ਬੱਚੇ ਬੋਲੇ।

‘‘ਪਿਆਰੇ ਬੱਚਿਓ, ਮੈਂ ਸਕੂਲੀ ਕੰਮ ਦੇ ਨਾਲ-ਨਾਲ ਤੁਹਾਨੂੰ ਇੱਕ ਹੋਰ ਜ਼ਿੰਮੇਵਾਰੀ ਵੀ ਦੇਣੀ ਆ।’’

‘‘ਜ਼ਿੰਮੇਵਾਰੀ ! ਉਹ ਕਿਹੜੀ ?’’

‘‘ਪੁੱਤਰ! ਤੁਸੀਂ ਛੁੱਟੀਆਂ ਦੌਰਾਨ ਪੜ੍ਹਾਈ ਦੇ ਕੰਮ ਤੋਂ ਇਲਾਵਾ ਇੱਕ ਹੋਰ ਕੰਮ ਵੀ ਕਰਨਾ ਏ, ਜੋ ਭਲੇ ਦਾ ਕੰਮ ਹੋਵੇ ਤੇ ਕਿਸੇ ਦਾ ਕੁਝ ਸੁਆਰਦਾ ਹੋਵੇ। ਪਰ ਸ਼ਰਤ ਇਹ ਹੈ ਕਿ ਇਹ ਕੰਮ ਕਰਨ ਪਿੱਛੇ ਤੁਹਾਡਾ ਕੋਈ ਸੁਆਰਥ ਜਾਂ ਲਾਲਚ ਨਾ ਹੋਵੇ। ਕਰੋਗੇ ਇਹ ਕੰਮ?’’

‘‘ਜੀ ਮਾਸਟਰ ਜੀ।’’ ਸਾਰੇ ਬੱਚੇ ਇਕੋ ਸੁਰ ਵਿੱਚ ਬੋਲੇ।

ਅਗਲੇ ਦਿਨ ਤੋਂ ਛੁੱਟੀਆਂ ਆਰੰਭ ਹੋ ਗਈਆਂ। ਸਭ ਬੱਚੇ ਜਿੱਥੇ ਹਰ ਰੋਜ਼ ਸਕੂਲੋਂ ਮਿਲਿਆ ਕੰਮ ਕਰਦੇ, ਉੱਥੇ ਉਨ੍ਹਾਂ ਨੂੰ ਮਾਸਟਰ ਜੀ ਦੀ ਦਿੱਤੀ ਜ਼ਿੰਮੇਵਾਰੀ ਵੀ ਯਾਦ ਸੀ। ਆਪੋ-ਆਪਣੀ ਸੋਚ ਮੁਤਾਬਕ ਹਰ ਬੱਚੇ ਨੇ ਸੌਂਪੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦਿਨ ਗੁਜ਼ਰਦੇ ਗਏ ਤੇ ਛੁੱਟੀਆਂ ਖ਼ਤਮ ਹੋ ਗਈਆਂ।

ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦਾ ਅੱਜ ਪਹਿਲਾਂ ਦਿਨ ਸੀ। ਸਾਰੇ ਅਧਿਆਪਕਾਂ ਨੇ ਬੱਚਿਆਂ ਨੂੰ ਦਿੱਤਾ ਕੰਮ ਚੈੱਕ ਕੀਤਾ। ਮਾਸਟਰ ਰਤਨ ਲਾਲ ਵੀ ਕਾਪੀਆਂ ਚੈੱਕ ਕਰਨ ਲੱਗੇ। ਜਦੋਂ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਹੋ ਗਈਆਂ ਤਾਂ ਉਹ ਸਾਰੀ ਜਮਾਤ ਨੂੰ ਮੁਖਾਤਿਬ ਹੁੰਦੇ ਬੋਲੇ, ‘‘ਪਿਆਰੇ ਬੱਚਿਓ! ਛੁੱਟੀਆਂ ਦਾ ਕੰਮ ਤਾਂ ਤੁਸੀਂ ਸਾਰੇ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੈ। ਇਸ ਤੋਂ ਬਿਨਾਂ ਤੁਹਾਨੂੰ ਇੱਕ ਹੋਰ ਕੰਮ ਦਿੱਤਾ ਗਿਆ ਸੀ। ਯਾਦ ਹੈ ਉਹ ਕੰਮ ਕੀ ਸੀ?’’

‘‘ਭਲੇ ਦਾ ਕੰਮ।’’ ਸਾਰੇ ਬੱਚੇ ਇੱਕੋ ਆਵਾਜ਼ ਵਿੱਚ ਬੋਲੇ।

‘‘ਬਹੁਤ ਅੱਛੇ। ਚਲੋ ਸਾਰੇ ਇੱਕ-ਇੱਕ ਕਰਕੇ ਦੱਸੋ ਤੁਸੀਂ ਕਿਹੜਾ ਭਲੇ ਦਾ ਕੰਮ ਕੀਤਾ?’’

ਸਭ ਤੋਂ ਪਹਿਲਾਂ ਸੁਮਨ ਬੋਲੀ ‘‘ਮਾਸਟਰ ਜੀ ਮੈਂ ਆਪਣੀ ਮੰਮੀ ਨਾਲ ਘਰ ਦੇ ਕੰਮਾਂ ਵਿੱਚ ਪੂਰੀ ਮਦਦ ਕੀਤੀ। ਘਰ ਦੀ ਸਫ਼ਾਈ ਤੋਂ ਲੈ ਕੇ ਰੋਟੀ ਬਣਾਉਣ ਤੱਕ ਮੈਂ ਸਭ ਕੰਮ ਮੰਮੀ ਦੇ ਨਾਲ ਕਰਦੀ ਸੀ।’’

ਇਸ ਤੋਂ ਬਾਅਦ ਕਰਨ ਬੋਲਿਆ, ‘‘ਮਾਸਟਰ ਜੀ ਮੈਂ ਆਪਣੇ ਕੁਝ ਪਿੰਡ ਦੇ ਦੋਸਤਾਂ ਨਾਲ ਮਿਲਕੇ ਛਬੀਲ ਲਾਈ ਸੀ। ਪੰਦਰਾਂ ਦਿਨ ਤੱਕ ਠੰਢੇ-ਮਿੱਠੇ ਪਾਣੀ ਦੀ ਛਬੀਲ ਲਾ ਕੇ ਲੋਕਾਂ ਦੀ ਸੇਵਾ ਕਰਦੇ ਰਹੇ।’’

ਅਗਲੀ ਵਾਰੀ ਮਨਦੀਪ ਦੀ ਸੀ। ਮਨਦੀਪ ਬੋਲੀ ‘‘ਸਰ ਮੈਂ ਹਰ ਰੋਜ਼ ਸਵੇਰੇ-ਸ਼ਾਮ ਨੂੰ ਆਪਣੇ ਦਾਦਾ-ਦਾਦੀ ਨੂੰ ਪਾਰਕ ਵਿੱਚ ਲੈ ਕੇ ਜਾਂਦੀ ਸੀ। ਕਿਉਂਕਿ ਉਨ੍ਹਾਂ ਦੀ ਨਿਗ੍ਹਾ ਕਮਜ਼ੋਰ ਹੈ। ਇਸ ਕਰਕੇ ਮੈਂ ਉਨ੍ਹਾਂ ਦਾ ਹੱਥ ਫੜ ਕੇ ਚੱਲਦੀ ਸੀ।’’

ਇਸ ਤੋਂ ਬਾਅਦ ਗਿੰਦਾ, ਜੋਤ ਤੇ ਮਨੀ ਇਕੱਠੇ ਖੜ੍ਹੇ ਹੋ ਗਏ।

‘‘ਅਸੀਂ ਮਾਸਟਰ ਜੀ ਪਿੰਡ ਦੇ ਬਾਕੀ ਮੁੰਡਿਆਂ ਨਾਲ ਮਿਲਕੇ ਸਾਰੇ ਪਿੰਡ ਦੀ ਸਫ਼ਾਈ ਕੀਤੀ। ਗਲ਼ੀਆਂ-ਨਾਲੀਆਂ ਚੰਗੀ ਤਰ੍ਹਾਂ ਸਾਫ਼ ਕੀਤੀਆਂ ਕਿਉਂਕਿ ਅੱਗੇ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ।’’

‘‘ਇਹ ਕੰਮ ਵੀ ਬਹੁਤ ਵਧੀਆ ਕੀਤਾ ਤੁਸੀਂ ਪੁੱਤਰੋ।’’

ਹੁਣ ਵਾਰੀ ਅਖੀਰ ’ਤੇ ਰਹਿ ਗਏ ਚਾਰ ਦੋਸਤਾਂ ਪਾਹੁਲ, ਅਵਲ, ਸਰਤਾਜ ਤੇ ਰਾਜਪ੍ਰੀਤ ਦੀ ਸੀ।

ਰਾਜਪ੍ਰੀਤ ਬੋਲਿਆ, ‘‘ਮਾਸਟਰ ਜੀ ਅਸੀਂ ਚਾਰੇ ਦੋਸਤਾਂ ਨੇ ਆਪਣੇ ਪਾਪਾ ਤੇ ਦਾਦੇ ਹੋਰਾਂ ਨਾਲ ਮਿਲ ਕੇ 100 ਬੂਟੇ ਲਗਾਏ। ਇਹ ਬੂਟੇ ਅਸੀਂ ਘਰ, ਖੇਤ ਤੇ ਹੋਰ ਖਾਲੀ ਪਈ ਜਗ੍ਹਾ ਉੱਪਰ ਲਾਏ। ਬੂਟਿਆਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਉਨ੍ਹਾਂ ਦੁਆਲੇ ਕੰਡੇਦਾਰ ਵਾੜ ਵੀ ਕੀਤੀ। ਹੁਣ ਵੀ ਅਸੀਂ ਹਰ ਰੋਜ਼ ਸ਼ਾਮ ਬੂਟਿਆਂ ਨੂੰ ਪਾਣੀ ਦੇਣ ਜਾਂਦੇ ਹਾਂ।’’

ਇਹ ਸੁਣ ਕੇ ਮਾਸਟਰ ਰਤਨ ਲਾਲ ਦੇ ਨਾਲ ਸਾਰੀ ਜਮਾਤ ਤਾੜੀਆਂ ਮਾਰਨ ਲੱਗ ਪਈ।

ਮਾਸਟਰ ਸਾਰੀ ਜਮਾਤ ਨੂੰ ਸੰਬੋਧਿਤ ਹੁੰਦੇ ਬੋਲੇ ‘‘ਪਿਆਰੇ ਬੱਚਿਓ! ਵੈਸੇ ਤਾਂ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਹਨ, ਪਰ ਪੌਦੇ ਲਗਾਉਣ ਦਾ ਕੰਮ ਸਭ ਤੋਂ ਨੇਕ ਕੰਮ ਹੈ। ਤੁਸੀਂ ਅਕਸਰ ਹੀ ਵੇਖਦੇ ਹੋ ਤੇ ਕਿਤਾਬਾਂ ਵਿੱਚ ਵੀ ਪੜ੍ਹਦੇ ਹੋ ਕਿ ਵਾਤਾਵਰਨ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਹੈ। ਸਾਡਾ ਪਾਣੀ, ਹਵਾ, ਜ਼ਮੀਨ ਸਭ ਕੁਝ ਜ਼ਹਿਰੀ ਹੋ ਗਿਆ ਹੈ। ਇਹ ਸਭ ਮਨੁੱਖ ਦੁਆਰਾ ਕੁਦਰਤੀ ਸਰੋਤਾਂ ਦੀ ਬੇਰਹਿਮੀ ਨਾਲ ਕੀਤੀ ਵਰਤੋਂ ਦੇ ਕਰਕੇ ਹੋਇਆ ਹੈ। ਹਵਾ, ਪਾਣੀ ਤਾਂ ਹੀ ਸਾਫ਼ ਰਹਿ ਸਕਦੇ ਹਨ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ। ਇਹ ਸਾਡੇ ਆਪਣੇ ਭਲੇ ਦੇ ਨਾਲ-ਨਾਲ ਪੂਰੀ ਕਾਇਨਾਤ ਦਾ ਭਲਾ ਹੈ।’’

‘‘ਸਾਰੇ ਬੱਚੇ ਵੱਧ ਤੋਂ ਵੱਧ ਪੌਦੇ ਲਗਾ ਕੇ ਪਰਉਪਕਾਰੀ ਬਣੋਗੇ ਨਾ ?’’

‘‘ਯੈੱਸ ਸਰ।’’ ਸਾਰੇ ਬੱਚੇ ਦੋਵੇਂ ਹੱਥ ਖੜ੍ਹੇ ਕਰਕੇ ਇੱਕੋ ਸੁਰ ਵਿੱਚ ਬੋਲੇ।