ਨਵੀਂ ਦਿੱਲੀ, 20 ਜੂਨ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ‘ਨੈਸ਼ਨਲ ਹੈਰਾਲਡ’ ਮਨੀ ਲਾਂਡਰਿੰਗ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਲਈ ਮੁੜ 21 ਜੂਨ ਬੁਲਾਇਆ ਹੈ। ਈਡੀ ਵੱਲੋਂ ਕਾਂਗਰਸੀ ਆਗੂ ਤੋਂ ਮੰਗਲਵਾਰ ਨੂੰ ਪੰਜਵੀਂ ਵਾਰ ਪੁੱਛਗਿੱਛ ਕੀਤੀ ਜਾਵੇਗੀ। ਪੁੱਛ ਪੜਤਾਲ ਲਈ ਰਾਹੁਲ ਅੱਜ ਚੌਥੀ ਵਾਰ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ ਹਨ। ਰਾਹੁਲ ਗਾਂਧੀ ਸੀਆਰਪੀਐੱਫ ਜਵਾਨਾਂ ਦੀ ਜ਼ੈੱਡ ਪਲੱਸ ਸੁਰੱਖਿਆ ਸ਼੍ਰੇਣੀ ਨਾਲ ਸਵੇਰੇ 11.05 ਵਜੇ ਕੇਂਦਰੀ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ ਸਥਿਤ ਈਡੀ ਦਫ਼ਤਰ ਪਹੁੰਚੇੇ। ਜਾਂਚ ਏਜੰਸੀ ਵੱਲੋਂ ਉਨ੍ਹਾਂ ਨੂੰ ਪਿਛਲੇ ਹਫ਼ਤੇ ਲਗਾਤਾਰ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਪੁੱਛ ਪੜਤਾਲ ਲਈ ਦਫ਼ਤਰ ਸੱਦਿਆ ਗਿਆ ਸੀ। ਰਾਹੁਲ ਨੇ ਸ਼ੁੁੱਕਰਵਾਰ ਨੂੰ ਫਿਰ ਈਡੀ ਅੱਗੇ ਪੇਸ਼ ਹੋਣਾ ਸੀ ਪਰ ਆਪਣੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਬਿਮਾਰ ਹੋਣ ਕਾਰਨ ਈਡੀ ਦੇ ਜਾਂਚ ਅਧਿਕਾਰੀ ਨੂੰ ਪੱਤਰ ਲਿਖ ਕੇ ਉਨ੍ਹਾਂ ਨੇ ਸ਼ੁੱਕਰਵਾਰ (17 ਜੂਨ) ਨੂੰ ਪੇਸ਼ ਹੋਣ ਤੋਂ ਛੋਟ ਮੰਗੀ ਸੀ। ਈਡੀ ਨੇ ਰਾਹੁਲ ਦੀ ਅਪੀਲ ਸਵੀਕਾਰ ਕਰਦਿਆਂ ਉਨ੍ਹਾਂ ਨੂੰ 20 ਜੂਨ ਨੂੰ ਪੇਸ਼ ਹੋਣ ਲਈ ਆਖਿਆ ਸੀ।