ਨਵੀਂ ਦਿੱਲੀ, ਨੇਪਾਲ ਦੀ ਨਿੱਜੀ ਫੇਰੀ ’ਤੇ ਗਏ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਨਾਲ ਨਵੀਂ ਚੁੰਝ ਚਰਚਾ ਛਿੜ ਗਈ ਹੈ। ਭਾਜਪਾ ਨੇ ਕਿਹਾ ਕਿ ਰਾਹੁਲ ਗਾਂਧੀ ਅਜਿਹੇ ਮੌਕੇ ‘ਨਾਈਟ ਕਲੱਬ’ ਵਿੱਚ ਹਨ ਜਦੋਂ ਉਨ੍ਹਾਂ ਦੀ ਪਾਰਟੀ ਬਿਖਰਨ ਕੰਢੇ ਹੈ। ਉਧਰ ਕਾਂਗਰਸ ਨੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਰਾਹੁਲ ਇਕ ਪੱਤਰਕਾਰ ਦੋਸਤ ਦੇ ਵਿਆਹ ਲਈ ਨੇਪਾਲ ਗਏ ਹਨ ਤੇ ਇਹ ‘ਕੋਈ ਅਪਰਾਧ’ ਨਹੀਂ ਹੈ। ਰਾਹੁਲ ਗਾਂਧੀ ਸੋਮਵਾਰ ਨੂੰ ਪੰਜ ਦਿਨਾ ਫੇਰੀ ਲਈ ਨੇਪਾਲ ਪੁੱਜੇ ਸਨ।

ਭਾਜਪਾ ਦੇ ਸੋਸ਼ਲ ਮੀਡੀਆ ਵਿਭਾਗ ਦੇ ਹੈੱਡ ਅਮਿਤ ਮਾਲਵੀਆ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਵੀਡੀਓ ਟਵੀਟ ਕੀਤਾ ਹੈ। ਮਾਲਵੀਆ ਨੇ ਟਵੀਟ ਵਿੱਚ ਕਿਹਾ, ‘‘ਮੁੰਬਈ ਵਿੱਚ (2008 ’ਚ) ਅਤਿਵਾਦੀ ਹਮਲਾ ਹੋਣ ਮੌਕੇ ਵੀ ਰਾਹੁਲ ਗਾਂਧੀ ਨਾਈਟ ਕਲੱਬ ਵਿੱਚ ਸਨ। ਹੁਣ ਜਦੋਂ ਉਨ੍ਹਾਂ ਦੀ ਪਾਰਟੀ ’ਚ ਘਮਸਾਣ ਚੱਲ ਰਿਹੈ ਤਾਂ ਵੀ ਉਹ ਨਾਈਟ ਕਲੱਬ ਵਿੱਚ ਹਨ। ਉਹ ਬੜੇ ਦ੍ਰਿੜ ਹਨ। ਦਿਲਚਸਪ ਹੈ ਕਿ ਕਾਂਗਰਸ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਆਊਟਸੋਰਸਿੰਗ ਤੋਂ ਨਾਂਹ ਕੀਤੇ ਜਾਣ ਤੋਂ ਫੌਰੀ ਮਗਰੋਂ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।’’ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੀਡੀਓ ਸਾਂਝੀ ਕਰਦਿਆਂ ਹਿੰਦੀ ਵਿੱਚ ਟਵੀਟ ਕੀਤਾ, ‘‘ਰੰਗਾਰੰਗ ਪ੍ਰੋਗਰਾਮ’’। ਭਾਜਪਾ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਮੋਦੀ ਨੇਪਾਲ ਦੇ ਪਸ਼ੂਪਤੀਨਾਥ ਮੰਦਰ ਜਾਂਦੇ ਹਨ। ਰਾਹੁਲ ਨੇਪਾਲ ਦੇ ਪੱਬ ਵਿੱਚ ਗਿਆ। ਰਾਹੁਲ ਨੇ ਲੋਕਾਂ ਤੇ ਪ੍ਰਾਰਥਨਾ ਨਾਲੋਂ ਪੱਬ ਨੂੰ ਤਰਜੀਹ ਦਿੱਤੀ। ਕੋਈ ਗੱਲ ਨਹੀਂ…ਉਨ੍ਹਾਂ ਦੀ ਆਪਣੀ ਪਸੰਦ ਹੈ। ਰਾਮ ਸੰਸਕਾਰ ਬਨਾਮ ਰੋਮ ਸੰਸਕਾਰ।’’ ਉਧਰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਭਾਜਪਾ ਨੂੰ ਜੰਮ ਕੇ ਭੰਡਿਆ ਹੈ। ਮੋਇਤਰਾ ਨੇ ਟਵੀਟ ਕੀਤਾ, ‘‘ਰਾਹੁਲ ਗਾਂਧੀ ਜਾਂ ਫਿਰ ਕੋਈ ਹੋਰ ਨਾਈਟ ਕਲੱਬ ਵਿੱਚ ਸੀ ਜਾਂ ਫਿਰ ਕਿਸੇ ਨਿੱਜੀ ਵਿਆਹ ਸਮਾਗਮ ਵਿੱਚ। ਇਸ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਹੈ। ਭਾਜਪਾ ਦੇ ਇਨ੍ਹਾਂ ਬਿਮਾਰ ਲੋਕਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਇਹ ਚਾਹ ਦੇ ਕੱਪਾਂ ’ਚ ਬੀਅਰ ਪੀਣ ਵਾਲੇ ਦੋਹਰੀ ਜ਼ਿੰਦਗੀ ਜਿਊਣ ਵਾਲੇ ਲੋਕ ਹਨ। ‘ਦਿ ਕਾਠਮੰਡੂ ਪੋਸਟ’ ਅਖ਼ਬਾਰ ਮੁਤਾਬਕ ਕਾਂਗਰਸ ਆਗੂ ਆਪਣੀ ਨੇਪਾਲੀ ਦੋਸਤ ਸੁਮਨਿਮਾ ਉਦਾਸ ਦੇ ਵਿਆਹ ਸਮਾਗਮ ਲਈ ਇਥੇ ਆਇਆ ਹੈ। ਸੁਮਨਿਮਾ ਦੇ ਪਿਤਾ ਭੀਮ ਉਦਾਸ, ਜੋ ਮਿਆਂਮਾਰ ਵਿੱਚ ਨੇਪਾਲ ਦੇ ਰਾਜਦੂਤ ਹਨ, ਨੇ ਕਿਹਾ, ‘‘ਅਸੀਂ ਰਾਹੁਲ ਗਾਂਧੀ ਨੂੰ ਆਪਣੀ ਧੀ ਦੇ ਵਿਆਹ ਲਈ ਸੱਦਿਆ ਸੀ।’’ ਸੁਮਨਿਮਾ ਸੀਐੱਨਐੱਨ ਦੀ ਸਾਬਕਾ ਕੌਰੈਸਪੌਂਡੈਂਟ ਹੈ ਤੇ ਉਸ ਦਾ ਵਿਆਹ ਨਿਮਾ ਮਾਰਟਿਨ ਸ਼ੇਰਪਾ ਨਾਲ ਹੋਣਾ ਹੈ। ਵਿਆਹ ਅੱਜ ਮੰਗਲਵਾਰ ਨੂੰ ਹੈ ਜਦੋਂਕਿ ਰਿਸੈਪਸ਼ਨ 5 ਮਈ ਨੂੰ ਹੋਟਲ ਵਿੱਚ ਹੈ।